ਸੱਜਣ ਕੁਮਾਰ ਦੇ ਅਫ਼ਸੋਸ ’ਚ ਜਾਣ ’ਤੇ ਭਾਜਪਾ ਸਾਂਸਦ ਰਾਮਵੀਰ ਸਿੰਘ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਖਿਮਾ ਜਾਚਨਾ
- ਪੰਜਾਬ
- (Asia/Kolkata)
ਸ੍ਰੀ ਅੰਮ੍ਰਿਤਸਰ: ਦਿੱਲੀ ਤੋਂ ਭਾਜਪਾ ਸਾਂਸਦ ਰਾਮਵੀਰ ਸਿੰਘ ਬਿਧੂੜੀ, ਜੋ ਬੀਤੇ ਦਿਨੀਂ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ, ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਜਾਚਨਾ ਕਰਨ ਲਈ ਪਹੁੰਚੇ।
ਇਸ ਤੋਂ ਪਹਿਲਾਂ 5 ਸਤੰਬਰ 2026 ਨੂੰ ਬਿਧੂੜੀ ਵੱਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਰੂਪ ਵਿੱਚ ਖਿਮਾ ਜਾਚਨਾ ਭੇਜੀ ਗਈ ਸੀ। ਅੱਜ ਉਨ੍ਹਾਂ ਨੇ ਨਿੱਜੀ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਪਾਸੋਂ ਖਿਮਾ ਜਾਚਨਾ ਕੀਤੀ।
ਇਸ ਤੋਂ ਬਾਅਦ ਬਿਧੂੜੀ ਨੇ ਸਕੱਤਰੇਤ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਪਣਾ ਖਿਮਾ ਜਾਚਨਾ ਪੱਤਰ ਸੌਂਪਣ ਦੇ ਨਾਲ ਆਪਣਾ ਪੱਖ ਵੀ ਰੱਖਿਆ।
ਸੱਜਣ ਕੁਮਾਰ ਦੇ ਅਫ਼ਸੋਸ ’ਤੇ ਜਾਣਾ ਗਲਤੀ ਮੰਨੀ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਂਸਦ ਰਾਮਵੀਰ ਸਿੰਘ ਬਿਧੂੜੀ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਕੀਤੀ ਹੈ।
ਆਪਣੀ ਖਿਮਾ ਜਾਚਨਾ ਵਿੱਚ ਬਿਧੂੜੀ ਨੇ ਕਿਹਾ ਕਿ ਉਹ ਹਮੇਸ਼ਾ ਸੱਜਣ ਕੁਮਾਰ ਦੇ ਵਿਰੋਧ ਵਿੱਚ ਬੋਲਦੇ ਰਹੇ ਹਨ, ਕਿਉਂਕਿ ਉਹ ਸਿੱਖ ਕਤਲੇਆਮ ਦੇ ਦੋਸ਼ੀ ਰਹੇ ਹਨ। ਉਨ੍ਹਾਂ ਮੰਨਿਆ ਕਿ ਅਜਿਹੇ ਵਿਅਕਤੀ ਦੇ ਅਫ਼ਸੋਸ ਵਿੱਚ ਜਾਣਾ ਵੀ ਪਾਪ ਹੈ, ਜਿਸ ਨੇ ਸਿੱਖ ਕਤਲੇਆਮ ਵਿੱਚ ਹਿੱਸਾ ਪਾਇਆ ਹੋਵੇ।
ਹੋਰ ਸਿਆਸੀ ਆਗੂਆਂ ਨੂੰ ਵੀ ਖਿਮਾ ਮੰਗਣ ਦੀ ਅਪੀਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹੋਰ ਵੀ ਕਈ ਸਿਆਸੀ ਆਗੂ, ਖ਼ਾਸਕਰ ਕਾਂਗਰਸ ਪਾਰਟੀ ਨਾਲ ਸਬੰਧਤ ਆਗੂ, ਸੱਜਣ ਕੁਮਾਰ ਦੇ ਘਰ ਅਫ਼ਸੋਸ ਲਈ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਵੀ ਸਾਂਸਦ ਬਿਧੂੜੀ ਦੀ ਖਿਮਾ ਜਾਚਨਾ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਸਿੱਖ ਕੌਮ ਪਾਸੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਪਰਮਜੀਤ ਸਿੰਘ ਸਰਨਾ ਵੀ ਰਹੇ ਮੌਜੂਦ
ਇਸ ਮੌਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਵੀ ਹਾਜ਼ਰ ਰਹੇ।