ਧੂਰੀ,25 ਸਤੰਬਰ (ਮਹੇਸ਼)- ਨਗਰ ਕੌਂਸਲ ਧੂਰੀ ਦੇ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਵਿਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਵਿਚ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਧੀਰ ਨੂੰ ਨਗਰ ਕੌਂਸਲ ਧੂਰੀ ਦਾ ਕਾਰਜਕਾਰੀ ਪ੍ਰਧਾਨ ਦਾ ਚਾਰਜ ਸੌਂਪਿਆ ਗਿਆ। ਪਿਛਲੇ ਕੁੱਝ ਦਿਨ ਪਹਿਲਾਂ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ ਦੇ ਹੋਏ ਅਕਾਲ ਚਲਾਣੇ ਕਾਰਨ ਨਗਰ ਕੌਂਸਲ ਧੂਰੀ ਦੀ ਪ੍ਰਧਾਨਗੀ ਦਾ ਅਹੁਦਾ ਖ਼ਾਲੀ ਹੋ ਗਿਆ ਸੀ ਅਤੇ ਇਸ ਦੌਰਾਨ ਅਸ਼ਵਨੀ ਧੀਰ ਨਗਰ ਕੌਂਸਲ ਦੇ ਸੀਨੀਅਰ ਵਾਇਸ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਸਨ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਅੱਜ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੌਂਪ ਦਿੱਤਾ ਗਿਆ। ਇਸ ਮੌਕੇ ਅਸ਼ਵਨੀ ਧੀਰ ਨੇ ਕਿਹਾ ਕਿ ਉਹ ਸਮੂਹ ਕੌਂਸਲਰਾਂ ਦੇ ਨਾਲ ਮਿਲ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣਗੇ ਅਤੇ ਉਨ੍ਹਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਸਾਰੇ ਵਾਰਡਾਂ ਦੇ ਵਿਕਾਸ ਵੱਲ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫ਼ਸਰ ਰਮੇਸ਼ ਕੁਮਾਰ, ਸਾਧੂ ਰਾਮ ਵਾਇਸ ਪ੍ਰਧਾਨ, ਅਮਰੀਕ ਸਿੰਘ, ਰਜਿੰਦਰ ਸਿੰਘ, ਵਿਕਰਾਂਤ ਚੱਠਾ,ਪੁਸ਼ਪਿੰਦਰ ਸ਼ਰਮਾ, ਮੇਵਾ ਸਿੰਘ, ਦਰਸ਼ਨ ਕੁਮਾਰ ਅਤੇ ਇਕਬਾਲ ਸਿੰਘ ਆਦਿ ਵੀ ਹਾਜ਼ਰ ਸਨ।