ਧੂਰੀ, 25 ਮਾਰਚ (ਮਹੇਸ਼ ਜਿੰਦਲ) - ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਹਰਪ੍ਰੀਤ ਕੌਰ ਬਰਨਾਲਾ ਦੀ ਅਗਵਾਈ ਹੇਠ ਨੇੜਲੇ ਪਿੰਡ ਕੱਕੜਵਾਲ ਵਿਖੇ ਸਥਿਤ ਬਰਨਾਲਾ ਹਾਊਸ ਵਿਖੇ ਵਿਨਸਮ ਯਾਰਨਜ਼ ਪ੍ਰਾਈਵੇਟ ਲਿਮਟਿਡ ਕੰਪਨੀ ਡੇਰਾਬਸੀ ਵੱਲੋਂ ਲੜਕੀਆਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ ਰੁਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵੱਖ-ਵੱਖ ਪਿੰਡਾਂ ਦੀਆਂ ਲੜਕੀਆਂ ਨੇ ਭਾਗ ਲਿਆ। ਇਸ ਮੌਕੇ 80 ਲੜਕੀਆਂ ਨੂੰ ਨੌਕਰੀ ਲਈ ਚੁਣਿਆ ਗਿਆ। ਇਸ ਮੌਕੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਦੱਸਿਆ ਕੀ ਕਾਂਗਰਸ ਪਾਰਟੀ ਵੱਲੋਂ ਚੋਣ ਮੈਨੀਫੈਸਟੋ ’ਚ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਕਾਂਗਰਸ ਸਰਕਾਰ ਨੂੰ ਸੱਤਾ ’ਚ ਆਏ ਨੂੰ ਦੋ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪ੍ਰੰਤੂ ਘਰ-ਘਰ ਰੁਜ਼ਗਾਰ ਤਾਂ ਕੀ ਦੇਣਾ ਸੀ, ਉਲਟਾ ਨੌਜਵਾਨਾਂ ਨੂੰ ਰੁਜ਼ਗਾਰ ਮੇਲੇ ਲਾ ਕੇ ਨੌਕਰੀ ਦੇਣ ਦੇ ਬਜਾਏ ਖੱਜਲ ਕਰ ਕੇ ਘਰ ਮੋੜਿਆ ਜਾਂਦਾ ਹੈ। ਉਨਾਂ ਕਿਹਾ ਕਿ ਉਨਾਂ ਵੱਲੋਂ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਉਹ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਨਾਂ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਵੱਧ ਤੋ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਮੌਕੇ ਯੂਥ ਅਕਾਲੀ ਆਗੂ ਸਿਮਰ ਪ੍ਰਤਾਪ ਸਿੰਘ ਬਰਨਾਲਾ, ਪਿੰ੍ਰਸੀਪਲ ਜੋਰਾ ਸਿੰਘ, ਗੁਰਤੇਜ ਸਿੰਘ ਚੀਮਾ, ਮਾਸਟਰ ਗੁਰਮੇਲ ਸਿੰਘ, ਰਵਿੰਦਰ ਸਿੰਘ ਈਸੜਾ, ਗੁਰਵਿੰਦਰ ਸਿੰਘ ਕਾਕਾ ਧੰਦੀਵਾਲ, ਗੁਰਮੇਲ ਸਿੰਘ ਕਾਂਝਲਾ, ਮਲਕੀਤ ਸਿੰਘ ਕੰਧਾਰਗੜ, ਗੁਰਚਰਨ ਸਿੰਘ ਕੰਧਾਰਗੜ, ਨਛੱਤਰ ਸਿੰਘ ਅਤੇ ਮੇਘ ਰਾਜ ਘਨੌਰੀ ਵੀ ਹਾਜ਼ਰ ਸਨ।