ਕੈਪਟਨ ਸਰਕਾਰ ਦੇ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ। ਲੌਕਡਾਊਨ ਕਾਰਨ ਸੂਬੇ ਭਰ ਵਿੱਚ 5 ਲੱਖ ਲੋਕ ਹੋਏ ਬੇਰੁਜ਼ਗਾਰ- ਗਰਗ/ਠਾਕੁਰ

ਬਠਿੰਡਾ, 17 ਜੁਲਾਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਅੱਜ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਇਹ ਵਾਅਦੇ ਵਫਾ ਨਾ ਹੋਏ ਅਤੇ ਹੁਣ ਰੁਜ਼ਗਾਰ ਦਫ਼ਤਰ ਵਿੱਚ ਹੋਈ ਰਜਿਸਟ੍ਰੇਸ਼ਨ ਨੇ ਪੰਜਾਬ ਸਰਕਾਰ ਦੇ ਰੁਜ਼ਗਾਰ ਦੇਣ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਨੀਲ ਗਰਗ ਅਤੇ ਵਪਾਰ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕੀਤਾ। ਆਪ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ ਤੋਂ 30 ਜੂਨ ਤੱਕ 2 ਲੱਖ ਲੋਕਾਂ ਨੇ ਇੰਪਲਾਈਮੈਂਟ ਜਨਰੇਸ਼ਨ ਐੰਡ ਟ੍ਰੇਨਿੰਗ ਵਿਭਾਗ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ ਜਿਸ ਤੋਂ ਸਾਫ ਹੋ ਗਿਆ ਕਿ ਲੋਕ ਡਾਊਨ ਦੌਰਾਨ ਕਰੀਬ 5 ਲੱਖ ਲੋਕ ਬੇਰੁਜ਼ਗਾਰ ਹੋ ਗਏ ਹਨ ਜਿਨ੍ਹਾਂ ਪ੍ਰਤੀ ਨਾ ਹੀ ਕੇਂਦਰ ਦੀ ਮੋਦੀ ਸਰਕਾਰ ਅਤੇ ਨਾ ਹੀ ਪੰਜਾਬ ਦੀ ਕੈਪਟਨ ਸਰਕਾਰ ਨੇ ਕੋਈ ਠੋਸ ਉਪਰਾਲੇ ਕੀਤੇ ਹਨ ਅਤੇ ਨਾ ਹੀ ਕੋਈ ਰਾਹਤ ਪੈਕੇਜ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਵਿੱਚ 124875 ਲੇਬਰ ਤੇ 98237 ਸਕਿਲਡ ਅਤੇ ਸੈਮੀ ਸਕਿਲਡ ਵਿਅਕਤੀ ਹਨ ਤੇ 62 ਫੀਸਦੀ ਪੁਰਸ਼, 38 ਫੀਸਦੀ ਮਹਿਲਾਵਾਂ ਹਨ ਜਿਨ੍ਹਾਂ ਵਿੱਚ 56 ਫੀਸਦੀ ਗ੍ਰੈਜੂਏਟ, 28 ਫੀਸਦੀ 12ਵੀੰ ਤੇ 16 ਫੀਸਦੀ 10ਵੀੰ ਪਾਸ ਹਨ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੀਲ ਗਰਗ ਨੇ ਕਿਹਾ ਕਿ ਇਹ ਹਾਲਾਤ ਸਰਕਾਰ ਦੀਆਂ ਨਾਕਾਮੀਆਂ ਕਰਕੇ ਪੈਦਾ ਹੋਏ ਹਨ ਪਰ ਹੈਰਾਨਗੀ ਦੀ ਗੱਲ ਹੈ ਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਆਪ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਬੇਰੁਜ਼ਗਾਰ ਹੋਏ ਨੌਜਵਾਨਾਂ ਪ੍ਰਤੀ ਗੰਭੀਰਤਾ ਨਾਲ ਫੈਸਲੇ ਲੈ ਕੇ ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੇ।