ਬ੍ਰਿਟੇਨ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੜ੍ਹਾਈ ਤੋਂ ਨੌਕਰੀ ਤੱਕ ਮਿਲੇਗੀ ਮਦਦ

ਬ੍ਰਿਟੇਨ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪੜ੍ਹਾਈ ਤੋਂ ਨੌਕਰੀ ਤੱਕ ਮਿਲੇਗੀ ਮਦਦ

ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਇੱਕ ਪ੍ਰਮੁੱਖ ਸੰਸਥਾ ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੂਮਨਾਈ ਯੂਨੀਅਨ (NISAU) UK ਅਤੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਵਿਚਾਲੇ ਇੱਕ ਸਮਝੌਤਾ ਹੋਇਆ ਹੈ। ਇਸ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਵਿੱਚ ਪੜ੍ਹਾਈ, ਰੁਜ਼ਗਾਰ ਦੇ ਮੌਕਿਆਂ ਅਤੇ ਕਰੀਅਰ ਬਣਾਉਣ ਤੱਕ ਸਹਾਇਤਾ ਪ੍ਰਦਾਨ ਕਰਨਾ ਹੈ।

NISAU UK ਮੁਤਾਬਕ, ਲੰਡਨ ਮੈਟ ਦੇ ਨਾਂ ਨਾਲ ਜਾਣੀ ਜਾਂਦੀ ਯੂਨੀਵਰਸਿਟੀ ਨਾਲ ਸਮਝੌਤਾ ਪੱਤਰ (MoU) 'ਤੇ ਪਿਛਲੇ ਹਫ਼ਤੇ ਹਾਊਸ ਆਫ਼ ਲਾਰਡਜ਼ ਦੇ ਕੰਪਲੈਕਸ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਦਸਤਖ਼ਤ ਕੀਤੇ ਗਏ। ਇਸ ਭਾਈਵਾਲੀ ਰਾਹੀਂ ਅੰਤਰਰਾਸ਼ਟਰੀ ਸਿੱਖਿਆ, ਅਕਾਦਮਿਕ ਸਹਿਯੋਗ ਅਤੇ ਨੀਤੀਗਤ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਯੂਨੀਵਰਸਿਟੀਆਂ, ਰੁਜ਼ਗਾਰਦਾਤਿਆਂ ਅਤੇ ਨੀਤੀ ਘਾੜਿਆਂ ਵਿਚਾਲੇ ਹੋਵੇਗਾ ਤਾਲਮੇਲ

ਇਸ ਭਾਈਵਾਲੀ ਤਹਿਤ 'ਟ੍ਰਿਪਲ ਹੈਲਿਕਸ ਮਾਡਲ' 'ਤੇ ਕੰਮ ਕੀਤਾ ਜਾਵੇਗਾ। ਇਸ ਦਾ ਉਦੇਸ਼ ਭਾਰਤ ਅਤੇ ਬ੍ਰਿਟੇਨ ਦੇ ਅਕਾਦਮਿਕ ਅਦਾਰਿਆਂ, ਰੁਜ਼ਗਾਰਦਾਤਿਆਂ ਅਤੇ ਨੀਤੀ ਘਾੜਿਆਂ ਨੂੰ ਇੱਕ ਮੰਚ 'ਤੇ ਲਿਆਉਣਾ ਹੈ।

ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋਫੈਸਰ ਜੂਲੀ ਹੌਲ ਨੇ ਕਿਹਾ ਕਿ ਲੰਡਨ ਮੈਟ ਦਾ ਉਦੇਸ਼ ਸਿੱਖਿਆ ਰਾਹੀਂ ਲੋਕਾਂ ਦੇ ਜੀਵਨ ਵਿੱਚ ਹਾਂ-ਪੱਖੀ ਤਬਦੀਲੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਕੋਸ਼ਿਸ਼ ਹੈ ਕਿ ਉਸ ਦੇ ਭਾਈਚਾਰੇ, ਦ੍ਰਿਸ਼ਟੀਕੋਣ ਅਤੇ ਭਾਈਵਾਲੀਆਂ ਵਿੱਚ ਵਿਭਿੰਨਤਾ ਨਜ਼ਰ ਆਵੇ।

ਉਨ੍ਹਾਂ ਮੁਤਾਬਕ, ਸਾਂਝੇ ਯਤਨਾਂ ਨਾਲ ਅਜਿਹੇ ਮੌਕੇ ਅਤੇ ਰਸਤੇ ਤਿਆਰ ਕੀਤੇ ਜਾ ਸਕਦੇ ਹਨ, ਜਿਨ੍ਹਾਂ ਰਾਹੀਂ ਵਿਦਿਆਰਥੀ ਨਵੇਂ ਤਜਰਬੇ ਹਾਸਲ ਕਰਨ, ਆਪਣੀਆਂ ਸਮਰੱਥਾਵਾਂ ਵਿਕਸਿਤ ਕਰਨ ਅਤੇ ਭਵਿੱਖ ਦੇ ਆਗੂ, ਨਵੀਨਤਾਕਾਰ ਤੇ ਵਿਸ਼ਵ ਨਾਗਰਿਕ ਬਣ ਸਕਣ।

ਭਾਰਤ ਅਤੇ ਬ੍ਰਿਟੇਨ ਦੇ ਰੁਜ਼ਗਾਰਦਾਤਿਆਂ ਦੀਆਂ ਲੋੜਾਂ ਮੁਤਾਬਕ ਹੋਵੇਗੀ ਸਿੱਖਿਆ

ਇਸ ਸਮਝੌਤੇ ਦਾ ਇੱਕ ਅਹਿਮ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੰਡਨ ਮੈਟ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਬ੍ਰਿਟੇਨ ਅਤੇ ਭਾਰਤ ਦੇ ਰੁਜ਼ਗਾਰਦਾਤਿਆਂ ਦੀਆਂ ਲੋੜਾਂ ਦੇ ਅਨੁਕੂਲ ਹੋਵੇ। ਇਸ ਦੇ ਨਾਲ ਹੀ ਇਹ ਦੋਵਾਂ ਸਰਕਾਰਾਂ ਵਿਚਾਲੇ 'ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰਕ ਸਮਝੌਤੇ' (CETA) ਅਤੇ 'ਵਿਜ਼ਨ 2035' ਤਹਿਤ ਕੀਤੇ ਜਾ ਰਹੇ ਯਤਨਾਂ ਨਾਲ ਵੀ ਜੁੜਿਆ ਰਹੇਗਾ।

NISAU ਦੀ ਸੰਸਥਾਪਕ ਅਤੇ ਪ੍ਰਧਾਨ ਸਨਮ ਅਰੋੜਾ ਨੇ ਕਿਹਾ ਕਿ ਵਪਾਰਕ ਸਮਝੌਤਾ ਅਤੇ 'ਵਿਜ਼ਨ 2035' ਭਾਰਤ-ਬ੍ਰਿਟੇਨ ਸਬੰਧਾਂ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਰਿਸ਼ਤੇ ਨੂੰ ਅਸਲ ਰੂਪ ਦੇਣ ਵਿੱਚ ਹਰ ਸਾਲ ਬ੍ਰਿਟੇਨ ਆਉਣ ਵਾਲੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਹੈ।

ਭਾਰਤ ਤੋਂ ਬ੍ਰਿਟੇਨ ਪਹੁੰਚਣ ਅਤੇ ਕਰੀਅਰ ਬਣਾਉਣ ਤੱਕ ਮਿਲੇਗੀ ਸਹਾਇਤਾ

ਸਨਮ ਅਰੋੜਾ ਨੇ ਦੱਸਿਆ ਕਿ ਇਹ ਭਾਈਵਾਲੀ ਵਿਦਿਆਰਥੀਆਂ ਦੇ ਪੂਰੇ ਸਫ਼ਰ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਵਿੱਚ ਭਾਰਤ ਵਿੱਚ ਬ੍ਰਿਟੇਨ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖਣ ਤੋਂ ਲੈ ਕੇ ਉੱਥੇ ਪਹੁੰਚਣ, ਲੰਡਨ ਮੈਟ ਵਿੱਚ ਸਿੱਖਿਆ ਹਾਸਲ ਕਰਨ ਅਤੇ ਉਸ ਤੋਂ ਬਾਅਦ ਕਰੀਅਰ ਬਣਾਉਣ ਤੱਕ ਦੇ ਸਾਰੇ ਪੜਾਅ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਉਦੇਸ਼ ਯੂਨੀਵਰਸਿਟੀਆਂ, ਰੁਜ਼ਗਾਰਦਾਤਿਆਂ ਅਤੇ ਨੀਤੀ ਘਾੜਿਆਂ ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨਾ ਹੈ। ਇਸ ਨਾਲ ਲੰਡਨ ਮੈਟ ਤੋਂ ਪ੍ਰਾਪਤ ਕੀਤੀ ਸਿੱਖਿਆ ਵਿਦਿਆਰਥੀਆਂ ਲਈ ਲੰਡਨ, ਭਾਰਤ ਅਤੇ ਹੋਰ ਦੇਸ਼ਾਂ ਵਿੱਚ ਰੁਜ਼ਗਾਰ ਤੇ ਕਰੀਅਰ ਦੇ ਨਵੇਂ ਮੌਕੇ ਖੋਲ੍ਹ ਸਕੇਗੀ।

NISAU UK ਅਨੁਸਾਰ, ਇਸ MoU ਤਹਿਤ ਲੰਡਨ ਮੈਟ ਵਿੱਚ ਦਾਖਲਾ ਲੈਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਬ੍ਰਿਟੇਨ ਵਿੱਚ ਪੜ੍ਹਾਈ ਦੇ ਵਿਕਲਪਾਂ ਬਾਰੇ ਸੋਚਣ ਦੇ ਸ਼ੁਰੂਆਤੀ ਪੜਾਅ ਤੋਂ ਹੀ ਸਹਾਇਤਾ ਦਿੱਤੀ ਜਾਵੇਗੀ। ਇਹ ਸਹਿਯੋਗ ਉਨ੍ਹਾਂ ਦੇ ਬ੍ਰਿਟੇਨ ਪਹੁੰਚਣ, ਸਿੱਖਿਆ, ਭਲਾਈ, ਗ੍ਰੈਜੂਏਸ਼ਨ ਪੂਰੀ ਕਰਨ ਅਤੇ ਇਸ ਤੋਂ ਬਾਅਦ ਕਰੀਅਰ ਬਣਾਉਣ ਤੱਕ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ NISAU ਦੀ ਸਥਾਪਨਾ ਸਾਲ 2012 ਵਿੱਚ ਹੋਈ ਸੀ। ਇਹ ਸੰਸਥਾ ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੇ ਹੱਕਾਂ ਲਈ ਮੁਹਿੰਮ ਚਲਾਉਣ ਦੇ ਨਾਲ-ਨਾਲ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਅਤੇ ਸਹਿਯੋਗ ਦੇਣ ਦਾ ਕੰਮ ਕਰਦੀ ਹੈ।