ਮਿਲਾਵਟੀ ਦੁੱਧ ਵੇਚਣ ਦੇ ਦੋਸ਼ ਹੇਠ ਅਣਪਛਾਤੇ ਦੌਧੀ ’ਤੇ ਪਰਚਾ

ਧੂਰੀ, 29 ਮਾਰਚ (ਮਹੇਸ਼ ਜਿੰਦਲ) - ਇਕ ਔਰਤ ਵੱਲੋਂ ਪੁਲਸ ਕੋਲ ਕਥਿਤ ਤੌਰ ’ਤੇ ਮਿਲਾਵਟੀ ਦੁੱਧ ਵੇਚਣ ਵਾਲੇ ਦੌਧੀ ਖਿਲਾਫ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਮੁਹੱਲਾ ਸ਼ਿਵਪੁਰੀ ਦੀ ਸਵਿਤਾ ਰਾਣੀ ਨਾਮੀਂ ਔਰਤ ਵੱਲੋਂ ਪੁਲਸ ਕੋਲ ਕੀਤੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਕਿ ਉਸ ਨੇ ਇਕ ਅਣਪਛਾਤੇ ਦੌਧੀ ਪਾਸੋਂ ਲੰਘੀ ਸਵੇਰੇ ਦੁੱਖ ਪਵਾਇਆ ਸੀ, ਜੋ ਗਰਮ ਕਰਨ ’ਤੇ ਖਰਾਬ ਹੋ ਕੇ ਪਲਾਸਟਿਕ ਵਾਂਗ ਬਣ ਗਿਆ। ਜਿਸ ਦੀ ਉਨਾਂ ਵੱਲੋਂ ਵੀਡੀਓ ਵੀ ਬਣਾਈ ਗਈ। ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਉਕਤ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਨਾਮਾਲੂਮ ਦੌਧੀ ਦੇ ਖਿਲਾਫ ਖਾਣ-ਪੀਣ ਦੀਆਂ ਵਸਤਾਂ ’ਚ ਮਿਲਾਵਟ ਕਰਨ ਅਤੇ ਧੋਖਾਧੜੀ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕੀਤਾ ਗਿਆ।