ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿੰਡ ਚੱਕ ਮੌਢੀ ਵਿੱਚ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਫਾਜ਼ਿਲਕਾ 4 ਨਵੰਬਰ(ਕ੍ਰਿਸ਼ਨ ਸਿੰਘ)-ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਵੱਲੋ ਜ਼ਿਲੇ ਦੇ ਪਿੰਡ ਚੱਕ ਮੌਢੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ੍ਰੀ ਜਸਪਾਲ ਸਿੰਘ ਭੱਟੀ ਦੀ ਯੋਗ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸਬਜੀਆਂ ਦੀ ਕਾਸ਼ਤ ਅਤੇ ਖੁਰਾਕੀ ਤੱਤਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।ਕੈਂਪ ਦੌਰਾਨ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਸਾਨਾ ਨੂੰ ਸਬਜ਼ੀਆਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਘਰੇਲੂ ਬਗੀਚੀ ਲਗਾਉਣ, ਪੋਸ਼ਟਿਕ ਖੁਰਾਕ ਖਾਣ ਅਤੇ ਬੇਲੋੜੇ ਖਰਚੇ ਘਟਾਉਣ ਲਈ ਜਾਗਰੂਕ ਕੀਤਾ ਗਿਆ। ਉਨਾਂ ਇਹ ਵੀ ਕਿਹਾ ਕਿ ਸਬਜ਼ੀਆਂ ਤੋਂ ਬਿਨਾਂ ਕੋਈ ਵੀ ਭੋਜਨ ਸੰਤੁਲਤ ਤੇ ਸੰਪੂਰਨ ਨਹੀਂ ਹੁੰਦਾ। ਸਬਜ਼ੀਆਂ ਤੋਂ ਸਾਨੂੰ ਅਜਿਹੇ ਖੁਰਾਕੀ ਤੱਤ ਮਿਲਦੇ ਹਨ ਜੋ ਦੂਸਰੇ ਅਨਾਜ਼ਾ ਵਿੱਚ ਨਹੀਂ ਪਾਏ ਜਾਂਦੇ। ਸਬਜ਼ੀਆਂ ਵਿਟਾਮਿਨ ਏ ਅਤੇ ਸੀ ਦਾ ਸਭ ਤੋਂ ਉਤਮ ਕੁਦਰਤੀ ਸੋਮਾ ਹਨ। ਵਿਟਾਮਿਨ ਬੀ ਅਤੇ ਬੀ-2 ਸਬਜ਼ੀਆਂ ਵਿੱਚ ਕਾਫੀ ਮਾਤਰਾ ਵਿਚ ਮਿਲਦੇ ਹਨ। ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਹਾ ਕਿ ਸਬਜ਼ੀਆਂ ਵਿੱਚ ਖਣਿਜ ਪਦਾਰਥ ਜਿਵੇਂ ਕਿ ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਕਾਫੀ ਮਾਤਰਾ ਵਿੱਚ ਹੁੰਦਾ ਹੈ। ਇਨਾਂ ਖਣਿਜਾਂ ਦੀ ਸਾਡੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰਤ ਹੁੰਦੀ ਹੈ। ਸਾਡੀ ਖੁਰਾਕ ਵਿੱਚ ਅਕਸਰ ਇਨਾਂ ਦੀ ਘਾਟ ਪਾਈ ਜਾਂਦੀ ਹੈ। ਉਨਾਂ ਕਿਹਾ ਕਿ ਸਬਜ਼ੀਆਂ ਵਿੱਚ ਐਂਟੀ ਅਕਸੀਡੈਂਟਸ ਫਾਈਟੋ ਕੈਮੀਕਲਜ਼ ਤੇ ਕਈ ਹੋਰ ਕੀਮਤੀ ਤੱਤ ਵੀ ਪਾਏ ਜਾਂਦੇ ਹਨ ਜੋ ਕਿ ਸਾਨੂੰ ਨਿਰੋਗ ਰੱਖਣ ਵਿੱਚ ਸਹਾਈ ਹੁੰਦੇ ਹਨ। ਇਸ ਦੌਰਾਨ ਉਨਾਂ ਨਿਰੋਏ ਸਮਾਜ ਦੀ ਸਿਰਜਨਾ ਲਈ ਘਰੇਲੂ ਬਗੀਚੀ ਲਗਾਉਣ 'ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।