ਸਵ: ਡਾ:ਸੁਰਜੀਤ ਸਿੰਘ ਬਰਾੜ 'ਦੁੱਨੇਵਾਲ਼ਾ'।ਅੱਜ ਭੋਗ 'ਤੇ ਵਿਸ਼ੇਸ਼

ਬਹੁਪੱਖੀ ਸ਼ਖਸੀਅਤ ਸਵ:ਸੁਰਜੀਤ ਸਿੰਘ ਬਰਾੜ ਦਾ ਜਨਮ ਇਲਾਕੇ ਦੇ ਨਾਮਵਰ ਬਰਾੜ ਪਰਿਵਾਰ 'ਚ ੦੨-੦੧-੧੯੬੦ ਨੂੰ ਪਿਤਾ ਸ:ਦਲੀਪ ਸਿੰਘ ਬਰਾੜ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਪਿੰਡ ਦੁੱਨੇਵਾਲ਼ਾ (ਬਠਿੰਡਾ) ਵਿਖੇ ਮੁਬਾਰਕ ਦਿਵਸ ਨੂੰ ਹੋਇਆ।ਆਪ ਪੰਜ ਭੈਣ-ਭਰਾਵਾਂ 'ਚੋਂ ਸਭ ਤੋਂ ਛੋਟੇ ਸਨ।ਮਿਹਨਤੀ,ਹਸਮੁੱੱਖ ,ਇਮਾਨਦਾਰ ਅਤੇ ਸਾਊ ਸੁਭਾਅ ਦੇ ਮਾਲਕ ਸੁਰਜੀਤ ਸਿੰਘ ਬਰਾੜ ਨੇ ਦਸਵੀਂ ਤੱਕ ਦੀ ਵਿੱਦਿਆ ਸਰਕਾਰੀ ਹਾਈ ਸਕੂਲ ਭਗਵਾਨਗੜ੍ਹ ਤੋਂ ਅਤੇ ਅਗਲੇਰੀ ਪੜ੍ਹਾਈ ਬਠਿੰਡਾ ਤੋਂ ਹਾਸਿਲ ਕੀਤੀ। ਆਪ ਜੀ ਦਾ ਵਿਆਹ ਪਿੰਡ ਗਾਦੜ ਪੱਤੀ ਬੋਹਾ (ਮਾਨਸਾ) ਦੇ ਸ: ਹਰਚੰਦ ਸਿੰਘ ਦਈਆ ਅਤੇ ਸ਼੍ਰੀਮਤੀ ਸੁਰਜੀਤ ਕੌਰ ਦੀ ਹੋਣਹਾਰ ਧੀ ਸੁਖਵੀਰ ਕੌਰ ਨਾਲ਼ ੧੯੮੧ 'ਚ ਹੋਇਆ।ਆਪ ਦੇ ਘਰ ਬੇਟੇ ਪਰਵਿੰਦਰ ਸਿੰਘ ਅਤੇ ਬੇਟੀ ਰਿੰਪੀ ਕੌਰ ਨੇ ਜਨਮ ਲਿਆ ।ਬੇਟੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।ਲਾਇਕ ਬੇਟਾ ਪਰਵਿੰਦਰ ਸਿੰਘ ਬੰਟੀ ਪੜ੍ਹ-ਲਿਖ ਕੇ ਆਪਣੀ ਪਤਨੀ ਪਰਦੀਪ ਕੌਰ ਦੇ ਸਹਿਯੋਗ ਨਾਲ਼ ਸੁਚੱਜੇ ਤਰੀਕੇ ਨਾਲ਼ ਖੇਤੀ ਕਰ ਰਿਹਾ ਹੈ।ਸੁਰਜੀਤ ਸਿੰਘ ਨੇ ਆਪਣੇ ਜੀਵਨ 'ਚ ਪੰਦਰਾਂ ਸਾਲ ਦੇ ਲਗਭਗ ਪ੍ਰਾਈਵੇਟ ਡਾਕਟਰ ਦੇ ਤੌਰ 'ਤੇ ਪੇਂਡੂ ਇਲਾਕੇ 'ਚ ਬੇਮਿਸਾਲ ਸੇਵਾ ਕੀਤੀ।ਇਸ ਉਪਰੰਤ ਆਪ ਨੇ ਪਿੰਡ 'ਚ ਇੱਕ ਅਗਾਂਹਵਧੂ ਕਿਸਾਨ ਵਜੋਂ ਖੇਤੀਬਾੜੀ ਵੀ ਕੀਤੀ।ਸਵ: ਬਰਾੜ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਇੱਕ ਵਫ਼ਦਾਰ ਸਿਪਾਹੀ ਵਜੋਂ ਕੰਮ ਕਰਦੇ ਆ ਰਹੇ ਸਨ।ਉਹਨਾਂ ਨੇ ਹਮੇਸ਼ਾ ਪਿੰਡ ਦੇ ਵਿਕਾਸ ਲਈ ਆਪਣਾ ਯੋਗਦਾਨ ਵਧ-ਚੜ੍ਹਕੇ ਪਾਇਆ।ਉਹਨਾਂ ਦੇ ਇਸ ਸੰਸਾਰ 'ਚੋਂ ਬੇਵਕਤ ਅਕਾਲ ਚਲਾਣਾ ਕਰ ਜਾਣ ਨਾਲ਼ ਜਿੱਥੇ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ ਹੈ,ਉੱਥੇ ਸ੍ਰੋਮਣੀ ਅਕਾਲੀ ਦਲ (ਬਾਦਲ)ਨੂੰ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਸਮੇਂ ਦੇ ਪਾਬੰਦ,ਮਿਲਾਪੜੇ ਸੁਭਾਅ ਦੇ ਮਾਲਿਕ ਅਤੇ ਗਰੀਬਾਂ ਦੇ ਹਮਦਰਦ ਸਾਦਗੀ,ਨਿਮਰਤਾ ਤੇ ਸੁਹਿਰਦਤਾ ਤੇ ਸਲੀਕੇ ਨਾਲ ਜ਼ਿੰਦਗੀ ਜਿਉਣ ਵਾਲ਼ੇ ਸੁਰਜੀਤ ਸਿੰਘ ਬਰਾੜ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ੧੪ ਅਕਤੂਬਰ ੨੦੧੯ ਸੰਖੇਪ ਬਿਮਾਰ ਰਹਿਣ ਬਾਅਦ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ।ਸਵ: ਸੁਰਜੀਤ ਸਿੰਘ ਬਰਾੜ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 'ਤੇ ਅੰਤਮ ਅਰਦਾਸ ਅੱਜ ਮਿਤੀ ੨੨-੧੦-੨੦੧੯ (ਮੰਗਲਵਾਰ)ਨੂੰ ਦੁਪਹਿਰ ੧੨ ਤੋਂ ੧ ਵਜੇ ਦੇ ਦਰਮਿਆਨ ਗੁਰਦੁਆਰਾ ਸਾਹਿਬ ਪਿੰਡ ਦੁੱਨੇਵਾਲ਼ਾ(ਬਠਿੰਡਾ) ਹੋਵੇਗੀ,ਜਿੱਥੇ ਦੂਰੋਂ-ਨੇੜਿਓਂ ਰਿਸ਼ਤੇਦਾਰ,ਸਕੇ-ਸਬੰਧੀ,ਰਾਜਸੀ,ਧਾਰਮਿਕ ਤੇ ਸਮਾਜ-ਸੇਵਾ ਆਦਿ ਦੇ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ ਵਿੱਛੜੀ-ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੀਆਂ।ਕੁਲਵਿੰਦਰ ਚਾਨੀ