ਗੋਲੀ ਲੱਗਣ ਕਾਰਨ ਇਕ ਪੁਲਿਸ ਕਰਮੀ ਦੀ ਹਾਲਤ ਗੰਭੀਰ।ਫੜੇ ਗਏ ਵਿਅਕਤੀ ਨੂੰ ਪਿੰਡ ਵਾਲਿਆਂ ਪੁਲਸ ਕੋਲ਼ੋਂ ਛੁਡਾਇਆ।ਤਲਵੰਡੀ ਸਾਬੋ, 9 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇੱਥੋਂ ਪੈਂਤੀ ਕਿਲੋਮੀਟਰ ਦੂਰ ਪੰਜਾਬ ਹਰਿਆਣਾ ਦੀ ਹੱਦ ਉੱਪਰ ਵਸੇ ਹਰਿਆਣਾ ਦੇ ਪਿੰਡ ਦੇਸੂਜੋਧਾ ਵਿੱਚ ਪੰਜਾਬ ਪੁਲੀਸ ਦੀ ਇੱਕ ਟੁਕੜੀ ਨਾਲ ਪਿੰਡ ਵਾਲਿਆਂ ਦੀ ਹੋਈ ਖ਼ੂਨੀ ਝੜਪ ਦੇ ਚੱਲਦਿਆਂ ਨਾ ਸਿਰਫ ਉੱਥੋਂ ਦੇ ਇਕ ਵਿਅਕਤੀ ਦੇ ਮਾਰੇ ਜਾਣ ਦੀ ਖ਼ਬਰ ਹੈ ਸਗੋਂ ਪੰਜਾਬ ਪੁਲਿਸ ਦੀ ਉਕਤ ਸਾਰੀ ਦੀ ਸਾਰੀ ਟੀਮ ਵੀ ਜ਼ਖਮੀ ਦੱਸੀ ਜਾ ਰਹੀ ਹੈ। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਜਿਸ ਦੇ ਗੋਲੀ ਲੱਗੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਵੀ ਫ਼ਿਲਹਾਲ ਖ਼ਤਰੇ ਤੋਂ ਖ਼ਾਲੀ ਨਹੀਂ ਕਹੀ ਜਾ ਸਕਦੀ। ਘਟਨਾ ਦਾ ਵਿਸਥਾਰ ਇਸ ਤਰ੍ਹਾਂ ਹੈ ਕਿ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਦੋ ਦਿਨ ਪਹਿਲਾਂ ਇੱਕ ਗਗਨਦੀਪ ਨਾਂ ਦੇ ਸ਼ਖਸ ਨੂੰ ਫੜਿਆ ਸੀ ਜਿਸ ਤੋਂ ਪੁਲਿਸ ਦੇ ਦਾਅਵੇ ਅਨੁਸਾਰ 6000 ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਗਗਨਦੀਪ ਨਾਂ ਦੇ ਉਕਤ ਵਿਅਕਤੀ ਵੱਲੋਂ ਪੁੱਛ ਗਿੱਛ ਦੌਰਾਨ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਪਿੰਡ ਦੇਸੂਜੋਧਾ (ਹਰਿਆਣਾ) ਦਾ ਕੋਈ ਕੁਲਵਿੰਦਰ ਸਿੰਘ ਨਾਂ ਦਾ ਨਸ਼ਾ ਤਸਕਰ ਸੀ ਜਿਸ ਤੋਂ ਅੱਗੋਂ ਉਹ ਮਾਲ ਲਿਆ ਕੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ ।ਪੰਜਾਬ ਪੁਲਸ ਦੀ ਬਠਿੰਡਾ ਰੇਂਜ ਦੇ ਆਈ ਜੀ ਸ੍ਰੀ ਅਰਨ ਕੁਮਾਰ ਮਿੱਤਲ ਦੇ ਦਾਅਵੇ ਅਨੁਸਾਰ ਪੁਲਸ ਨੂੰ ਬੀਤੇ ਕੱਲ੍ਹ ਇਹ ਸੂਚਨਾ ਮਿਲੀ ਸੀ ਕਿ ਉਕਤ ਨਸ਼ਾ ਤਸਕਰ ਕੁਲਵਿੰਦਰ ਸਿੰਘ ਡੱਬਵਾਲੀ ਲਾਗੇ ਪੰਜਾਬ ਹਰਿਆਣਾ ਦੀ ਹੱਦ ਉੱਪਰ ਇੱਕ ਪਿੰਡ ਵਿੱਚ ਆਇਆ ਹੋਇਆ ਹੈ ਆਈ ਜੀ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਸੱਤ ਮੈਂਬਰੀ ਟੀਮ ਉਕਤ ਤਸਕਰ ਨੂੰ ਦਬੋਚਣ ਲਈ ਫੜੇ ਗਏ ਉਕਤ ਵਿਅਕਤੀ ਗਗਨਦੀਪ ਨੂੰ ਨਾਲ ਲੈ ਕੇ ਉਸ ਵੱਲੋਂ ਮੁਹੱਈਆ ਕਰਵਾਈ ਗਈ ਨਿਸ਼ਾਨਦੇਹੀ ਉਪਰ ਪੁੱਜੀ ਤਾਂ ਪੁਲਸ ਦੀਆਂ ਗੱਡੀਆਂ ਵਗੈਰਾ ਵੇਖ ਕੇ ਉਕਤ ਤਸਕਰ ਭੱਜ ਕੇ ਪਿੰਡ ਦੇਸੂਜੋਧਾ ਵਿੱਚ ਜਾ ਵੜਿਆ। ਆਈਜੀ ਦੇ ਦਾਅਵੇ ਅਨੁਸਾਰ ਉਸ ਨੇ ਪਿੰਡ ਵੜਦਾ ਹੀ ਰੌਲਾ ਪਾ ਕਰ ਨਾ ਸਿਰਫ ਲੋਕ ਇਕੱਠੇ ਕਰ ਲਏ ਸਗੋਂ ਪੁਲਿਸ ਪਾਰਟੀ ਉੱਪਰ ਇਕੱਠੇ ਹੋਏ ਲੋਕਾਂ ਨੇ ਹਮਲਾ ਕਰ ਦਿੱਤਾ। ਉੱਥੇ ਦੋ ਪਾਸੜ ਚਲਦੀ ਰਹੀ ਖੂਨੀ ਝੜਪ ਵਿੱਚ ਉੱਥੋਂ ਦੇ ਇਕ ਵਿਅਕਤੀ ਦੇ ਮਾਰੇ ਜਾਣ ਅਤੇ ਕਈ ਹੋਰਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਦੋਂ ਕਿ ਫੜੇ ਗਏ ਉਕਤ ਵਿਅਕਤੀ ਗਗਨਦੀਪ ਸਿੰਘ ਨੂੰ ਵੀ ਪਿੰਡ ਵਾਲਿਆਂ ਪੁਲਸ ਕਸਟੱਡੀ ਚੋਂ ਛੁਡਾ ਲਿਆ। ਪੁਲਿਸ ਪਾਰਟੀ ਦੇ ਇੱਕ ਮੁਲਾਜ਼ਮ ਦੇ ਗੋਲੀ ਲੱਗਣ ਨਾਲ ਸਖ਼ਤ ਜ਼ਖ਼ਮੀ ਹੋਣ ਦੇ ਨਾਲ ਨਾਲ ਬਾਕੀ ਪੁਲਿਸ ਦੀ ਉਕਤ ਟੁਕੜੀ ਵੀ ਜਿਸ ਦੀ ਗਿਣਤੀ ਛੇ ਤੋਂ ਸੱਤ ਦੱਸੀ ਜਾ ਰਹੀ ਹੈ ਸਾਰੀ ਦੀ ਸਾਰੀ ਹੀ ਜ਼ਖਮੀ ਹੋ ਗਈ।ਪੰਜਾਬ ਪੁਲਸ ਦੇ ਜ਼ਖਮੀ ਮੁਲਾਜ਼ਮਾਂ ਨੂੰ ਬਠਿੰਡਾ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਪ੍ਰੈੱਸ ਵਾਰਤਾ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਈ ਜੀ ਸ੍ਰੀ ਅਰੁਣ ਮਿੱਤਲ ਨੇ ਕਿਹਾ ਕਿ ਉਕਤ ਪਿੰਡ ਵਿਚ ਵਾਪਰੀ ਇਸ ਖੂਨੀ ਘਟਨਾਂ ਦੀ ਜਾਂਚ ਹੁਣ ਸਿਰਸਾ ਪੁਲਿਸ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ (ਪੁਲਿਸ) ਵੱਲੋਂ ਉਕਤ ਪਿੰਡ ਦੇ ਉਨ੍ਹਾਂ ਸਾਰੇ ਲੋਕਾਂ ਉਪਰ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਜਿਨ੍ਹਾਂ ਨੇ ਇਕੱਠੇ ਹੋ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।