ਤਲਵੰਡੀ ਸਾਬੋ, 87 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਡਾ. ਕੁਲਦੀਪ ਕੌਰ ਅਤੇ ਪ੍ਰੋ. ਰਾਜਬੀਰ ਕੌਰ ਦੀ ਅਗਵਾਈ ਹੇਠ ਦੋ ਰੋਜ਼ਾ ਵਿਦਿਅਕ ਯਾਤਰਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਇਸ ਯਾਤਰਾ ਲਈ ਸ਼ੁਭ- ਕਾਮਨਾਵਾਂ ਪ੍ਰਦਾਨ ਕੀਤੀਆਂ। ਇਸ ਵਿੱਦਿਅਕ ਟੂਰ ਦੌਰਾਨ ਇਨਾਂ ਵਿਦਿਆਰਥਣਾਂ ਨੇ ਸੁਲਤਾਨਪੁਰ ਲੋਧੀ ਵਿਖੇ ਵੇਈਂ ਨਦੀ, ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਗੋਇੰਦਵਾਲ ਸਾਹਿਬ, ਗੁਰਦੁਆਰਾ ਖਡੂਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਜਲਿਆਂਵਾਲਾ ਬਾਗ਼, ਛੇਹਰਟਾ ਸਾਹਿਬ ਵਿਖੇ ਵਾਰ ਮੈਮੋਰੀਅਲ ਮਿਊਜ਼ੀਅਮ, ਗੁ. ਸੰਨ ਸਾਹਿਬ ਅਤੇ ਗੁ. ਬੀੜ ਬਾਬਾ ਬੁੱਢਾ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਕੀਤੇ। ਇਸ ਦੋ ਰੋਜ਼ਾ ਵਿੱਦਿਅਕ ਟੂਰ ਦੌਰਾਨ ਵਿਦਿਆਰਥਣਾਂ ਨੇ ਸਮਾਜਿਕ ਅਤੇ ਰਾਜਨੀਤਕ ਸਰੋਕਾਰਾਂ ਦੇ ਨਾਲ-ਨਾਲ ਗੁਰ-ਇਤਿਹਾਸ ਨੂੰ ਨੇੜਿਓਂ ਹੋ ਕੇ ਵੇਖਣ/ ਸਮਝਣ ਦੀ ਕੋਸ਼ਿਸ਼ ਕੀਤੀ। ਵਾਰ ਮੈਮੋਰੀਅਲ ਮਿਊਜ਼ੀਅਮ ਵਿੱਚ ਵਿਦਿਆਰਥਣਾਂ ਨੇ 7-ਡੀ ਸਕਰੀਨ ਰਾਹੀਂ 1948, 1962, 1965, 1971 ਅਤੇ 1999 ਦੀਆਂ ਜੰਗਾਂ ਵਿੱਚ ਭਾਰਤੀ ਅਤੇ ਸਿੱਖ ਫੌਜੀਆਂ ਵੱਲੋਂ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਬੜੀ ਦਿਲਚਸਪੀ ਨਾਲ ਵੇਖਿਆ। ਇਸ ਮੈਮੋਰੀਅਲ ਮਿਊਜ਼ੀਅਮ ਦਾ ਫ਼ਿਲਮਾਂਕਣ ਬਹੁਤ ਬੇਮਿਸਾਲ ਸੀ। ਇਸ ਯਾਤਰਾ ਵਿੱਚ ਕਾਲਜ ਦੀਆਂ ਬੀ. ਏ., ਐਮ. ਏ (ਪੋਲੀਟੀਕਲ ਸਾਇੰਸ), ਐਮ. ਕਾਮ, ਆਦਿ ਕਲਾਸਾਂ ਦੀਆਂ ਕੁੱਲ 32 ਵਿਦਿਆਰਥਣਾਂ ਸ਼ਾਮਲ ਸਨ। ਡਾ. ਕੁਲਦੀਪ ਕੌਰ ਨੇ ਵਿਦਿਆਰਥਣਾਂ ਨੂੰ ਹਰੇਕ ਥਾਂ ਦੀ ਮਹੱਤਤਾ ਅਤੇ ਵਿਲੱਖਣਤਾ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ।