ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ||ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ ||ਗੁਰਬਾਣੀ ਦੇ ਮਹਾਂਵਾਕ ਅਨੁਸਾਰ ਹਰਮਨ ਪਿਆਰੇ ਅਤੇ ਨੇਕ ਇਨਸਾਨ ਨੰਬਰਦਾਰ ਲਾਭ ਸਿੱਧੂ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮਿਤੀ 17 ਅਗਸਤ 2024 ਨੂੰ 63 ਸਾਲ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ |ਇਸ ਰੱਬੀ ਤੇ ਰੱਜੀ ਰੂਹ ਦਾ ਜਨਮ ਪਿਤਾ ਸਰਦਾਰ ਜਰਨੈਲ ਸਿੰਘ ਨੰਬਰਦਾਰ ਤੇ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਪਵਿੱਤਰ ਕੁੱਖੋਂ ਨਾਨਕੇ ਪਿੰਡ ਬਹਿਨੀਵਾਲ ਵਿਖੇ ਸਾਲ 01/01/ 1961 ਨੂੰ ਹੋਇਆ |ਸੱਤ ਭੈਣ ਭਰਾਵਾਂ 'ਚੋਂ ਦੂਸਰੇ ਸਥਾਨ 'ਤੇ ਜਨਮ ਲੈ ਕੇ ਆਪਣਾ, ਨੰਬਰਦਾਰ ਪਰਿਵਾਰ ਅਤੇ ਨਗਰ ਦਾ ਨਾਮ ਇਲਾਕੇ 'ਚ ਬੁਲੰਦ ਕਰਨ ਵਾਲ਼ੇ ਬਣ ਕੇ ਦੁਨੀਆਂ 'ਚੋਂ ਰੁਖ਼ਸਤ ਹੋਏ |ਵੱਡੀ ਭੈਣ ਬਲਦੇਵ ਕੌਰ ਪਤਨੀ ਗੁਰਦਿਆਲ ਸਿੰਘ, ਛੋਟੀਆਂ ਭੈਣਾਂ 'ਚੋਂ ਅਮਰਜੀਤ ਕੌਰ ਪਤਨੀ ਦਰਸ਼ਨ ਸਿੰਘ, ਗੁਰਦੀਪ ਕੌਰ ਪਤਨੀ ਸਾਹਿਬ ਸਿੰਘ, ਤੇਜ ਕੌਰ ਪਤਨੀ ਸੁਖਮੰਦਰ ਸਿੰਘ, ਸੁਜਾਨ ਕੌਰ ਪਤਨੀ ਕਰਨੈਲ ਸਿੰਘ, ਭਰਾ ਜੁਗਰਾਜ ਸਿੰਘ ਦਰਮਿਆਨ ਆਪ ਇੱਕ ਮਜ਼ਬੂਤ ਧਿਰ ਬਣ ਕੇ ਵਿਚਰਦੇ ਰਹੇ |ਮਿਹਨਤੀ, ਇਮਾਨਦਾਰ ਅਤੇ ਸਾਊ ਸੁਭਾਅ ਦੇ ਮਾਲਕ ਲਾਭ ਸਿੰਘ ਨੇ ਨੰਨ੍ਹੇ ਕਦਮਾਂ ਨਾਲ ਤੁਰ ਕੇ ਨੌਵੀਂ ਤੱਕ ਦੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਤੋਂ ਪਾਸ ਕੀਤੀ |ਅਣਥੱਕ, ਅਣਖਿਝ ਅਤੇ ਦ੍ਰਿੜ੍ਹ ਇਰਾਦੇ ਦੇ ਮਾਲਕ ਲਾਭ ਸਿੰਘ ਨੰਬਰਦਾਰ ਦਾ ਸ਼ੁੱਭ ਵਿਆਹ ਪਿੰਡ ਗਿਆਨੇ ਦੇ ਸਰਦਾਰ ਜਗਰਾਜ ਸਿੰਘ ਦੀ ਹੋਣਹਾਰ ਧੀ ਗੁਰਿੰਦਰ ਕੌਰ ਨਾਲ ਹੋਇਆ, ਆਪ ਦੀ ਪਰਿਵਾਰਕ ਫੁਲਵਾੜੀ 'ਚ ਕਾਕਾ ਬਲਤੇਜ ਸਿੰਘ ਤੇ ਧੀ ਗਗਨਦੀਪ ਕੌਰ, ਅਮਰਪ੍ਰੀਤ ਕੌਰ ਫੁੱਲ ਬਣ ਕੇ ਮਹਿਕੇ |ਦੇਵਤਿਆਂ ਵਰਗੇ ਮਨੁੱਖ ਲਾਭ ਸਿੰਘ ਨੇ ਜੀਵਨ ਵਿੱਚ ਖੇਤੀ ਦਾ ਪਵਿੱਤਰ ਕਿੱਤਾ ਅਗਾਂਹਵਧੂ ਕਿਸਾਨ ਵਜੋਂ, ਘਰ ਵਿੱਚ ਵਪਾਰਕ ਤੌਰ 'ਤੇ ਚੰਗੀ ਨਸਲ ਦੀਆਂ ਮੱਝਾਂ -ਗਾਵਾਂ ਰੱਖ ਕੇ ਸਫ਼ਲ ਡੇਅਰੀ ਫਾਰਮਰ ਵਜੋਂ, ਗੁਰੂ-ਘਰਾਂ ਦੀ ਸੇਵਾ ਵਿੱਚ ਇੱਕ ਸ਼ਰਧਾਵਾਨ ਗੁਰਸਿੱਖ ਵਜੋਂ, ਤਲਵੰਡੀ ਸਾਬੋ ਤਹਿਸੀਲ ਵਿੱਚ ਇੱਕ ਸੁਲਝੇ ਹੋਏ ਤੇ ਬੇਦਾਗ ਨੰਬਰਦਾਰ ਵਜੋਂ ਕੰਮ ਕਰ ਕੇ ਇਲਾਕੇ ਵਿੱਚ ਆਪਣਾ ਨਾਂ ਰੌਸ਼ਨ ਕੀਤਾ |ਸ਼ਾਂਤ, ਨਰਮ ਤੇ ਮਿਲਾਪੜੇ ਸੁਭਾਅ ਦੇ ਮਾਲਕ ਲਾਭ ਸਿੰਘ ਜੀ ਨੇ ਆਪਣੇ ਪਿਤਾ ਜੀ ਦੇ ਅਕਾਲ ਚਲਾਣੇ ਮਗਰੋਂ ਲਗਭਗ ਗਿਆਰਾਂ ਸਾਲ ਸ਼ਾਨਦਾਰ, ਜਾਨਦਾਰ, ਪ੍ਰਭਾਵਸ਼ਾਲੀ ਤਰੀਕੇ ਨਾਲ ਨੰਬਰਦਾਰੀ ਕਰ ਕੇ ਪਿੰਡ ਵਾਸੀਆਂ ਦੇ ਦਿਲ ਵਿੱਚ ਖ਼ਾਸ ਥਾਂ ਬਣਾਈ |ਸਾਦਗੀ ਪਸੰਦ ਅਤੇ ਦਰਿਆ ਦਿਲ ਦੇ ਮਾਲਕ ਨੰਬਰਦਾਰ ਲਾਭ ਸਿੰਘ ਨੇ ਕਦੇ ਕਿਸੇ ਨਾਲ ਸਿਆਸੀ ਪਾਰਟੀ, ਧਰਮ, ਜਾਤ, ਅਮੀਰ -ਗ਼ਰੀਬ ਅਧਾਰ 'ਤੇ ਕੋਈ ਵਿਤਕਰਾ ਨਹੀਂ ਕੀਤਾ, ਸਗੋਂ ਨਿਸ਼ਕਾਮ ਅਤੇ ਖੁਸ਼ੀ -ਖੁਸ਼ੀ ਪਿੰਡ ਵਾਸੀਆਂ ਦੇ ਹਜ਼ਾਰਾਂ ਕੰਮ ਸੁਆਰੇ |ਆਪ ਦੇ ਪਿਛਲੇ ਦਿਨੀਂ ਬੇਵਕਤ ਤੁਰ ਜਾਣ 'ਤੇ ਨੰਬਰਦਾਰ ਪਰਿਵਾਰ, ਨੰਬਰਦਾਰ ਭਾਈਚਾਰਾ, ਰਿਸ਼ਤੇਦਾਰ ਤੇ ਸਮੂਹ ਨਗਰ ਨਿਵਾਸੀ ਬੇਹੱਦ ਦੁਖੀ ਤੇ ਬੇਵਸ ਹਨ |ਨੰਬਰਦਾਰ ਲਾਭ ਸਿੰਘ ਦੇ ਤੁਰ ਜਾਣ 'ਤੇ ਅੱਜ ਉਹਨਾਂ ਦੇ ਤਾਇਆ ਹਰਬੰਤ ਸਿੰਘ, ਧਰਮ ਪਤਨੀ ਗੁਰਿੰਦਰ ਕੌਰ, ਪੁੱਤਰ ਬਲਤੇਜ ਸਿੰਘ- ਨੂੰਹ ਚਰਨਜੀਤ ਕੌਰ, ਧੀ ਗਗਨਦੀਪ ਕੌਰ ਪਤਨੀ ਜਸਵੀਰ ਸਿੰਘ, ਧੀ ਅਮਰਪ੍ਰੀਤ ਕੌਰ ਪਤਨੀ ਅਮ੍ਰਿਤਪਾਲ ਸਿੰਘ,ਪੋਤਰੀਆਂ ਪ੍ਰਨੀਤ ਕੌਰ, ਪ੍ਰਭ,ਪੋਤਰੇ ਏਕਮਜੋਤ ਸਿੰਘ,ਸੁਮਨ,ਭਰਾ ਜੁਗਰਾਜ ਸਿੰਘ, ਭਰਜਾਈ ਰਾਜਬੀਰ ਕੌਰ, ਭਰਾ ਪ੍ਰਧਾਨ ਗੁਲਾਬ ਸਿੰਘ-ਭਰਜਾਈ ਸੁਖਵਿੰਦਰ ਕੌਰ, ਭਰਾ ਕੁਲਦੀਪ ਸਿੰਘ -ਭਰਜਾਈ ਹਰਵਿੰਦਰ ਕੌਰ ਸਮੂਹ ਭੈਣਾਂ ਪਰਮਿੰਦਰ ਕੌਰ ਪਤਨੀ ਸਬ ਇੰਸਪੈਕਟਰ ਗੁਰਦੀਪ ਸਿੰਘ,ਭਤੀਜੇ ਖੁਸ਼ਦੀਪ ਸਿੰਘ,ਹਰਮਨਪ੍ਰੀਤ ਸਿੰਘ-ਭਤੀਜ ਨੂੰਹ ਅਮਨਦੀਪ ਕੌਰ,ਭਤੀਜੀ ਸੁਖਪ੍ਰੀਤ ਕੌਰ ਪਤਨੀ ਗੁਰਜਿੰਦਰ ਸਿੰਘ, ਭਤੀਜੀ ਕੁਲਵੀਰ ਕੌਰ ਪਤਨੀ ਦਵਿੰਦਰ ਸਿੰਘ, ਭਾਣਜੇ -ਭਾਣਜੀਆਂ ਸਭ ਇਕੱਲੇ ਮਹਿਸੂਸ ਕਰ ਰਹੇ ਹਨ |ਇਸ ਕਲਯੁਗ ਦੇ ਦੌਰ ਵਿੱਚ ਸਤਯੁਗੀ ਸਵ :ਲਾਭ ਸਿੰਘ ਨੰਬਰਦਾਰ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 27/08/2024 ਨੂੰ ਗੁਰਦੁਆਰਾ ਸਿੰਘ ਸਭਾ ਬੰਗੀ ਨਿਹਾਲ ਸਿੰਘ (ਬਠਿੰਡਾ )ਵਿਖੇ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਹੋਵੇਗੀ, ਜਿੱਥੇ ਪਰਿਵਾਰ ਮੈਬਰ , ਰਿਸ਼ਤੇਦਾਰ, ਨੰਬਰਦਾਰ ਭਾਈਚਾਰਾ, ਧਾਰਮਿਕ ਹਸਤੀਆਂ, ਮੁਲਾਜ਼ਮ ਵਰਗ ਅਤੇ ਪਿੰਡ ਵਾਸੀ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦੇਣਗੇ |ਵੱਲੋਂ :ਲੈਕਚਰਾਰ ਤਰਸੇਮ ਸਿੰਘ ਬੁੱਟਰ