ਗੰਨੇ ਦੀ ਅਦਾਇਗੀ ਨੂੰ ਲੈ ਕੇ ਧਰਨਾ 18ਵੇਂ ਦਿਨ ਤੇ ਮਰਨ ਵਰਤ ਸੱਤਵੇਂ ਦਿਨ ਵੀ ਜਾਰੀ

ਧੂਰੀ, 24 ਮਾਰਚ (ਮਹੇਸ਼ ਜਿੰਦਲ) - ਗੰਨਾ ਕਾਸ਼ਤਕਾਰਾਂ ਵੱਲੋਂ ਖੰਡ ਮਿੱਲ ਧੂਰੀ ਵੱਲ ਫਸੀ ਆਪਣੀ ਕਰੋੜਾਂ ਰੁਪਏ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਸਥਾਨਕ ਧੂਰੀ-ਸੰਗਰੂਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਦਿੱਤਾ ਜਾ ਰਿਹਾ ਧਰਨਾ ਜਿੱਥੇ ਅੱਜ 18ਵੇਂ ਦਿਨ ਵੀ ਜਾਰੀ ਰਿਹਾ ਉੱਥੇ ਦੂਜੇ ਪਾਸੇ ਇਸੇ ਮੰਗ ਨੂੰ ਲੈ ਕੇ ਖੰਡ ਮਿੱਲ ਦੇ ਗੇਟ ਨੇੜੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਕਿਯੂ ਲੱਖੋਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਸੱਤਵੇਂ ਦਿਨ ਜਾਰੀ ਰਿਹਾ ਅਤੇ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਮਰਨ ਵਰਤ ’ਤੇ ਡਟੇ ਰਹੇ। ਜਿੱਥੇ ਆਵਾਜਾਈ ਠੱਪ ਕਰ ਕੇ ਦਿੱਤਾ ਜਾ ਰਿਹਾ ਧਰਨਾ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਉੱਥੇ ਲਗਾਤਾਰ ਆਵਾਜਾਈ ਠੱਪ ਰਹਿਣ ਕਾਰਨ ਆਉਣ-ਜਾਣ ਵਾਲੇ ਲੋਕਾਂ ਲਈ ਧਰਨਾ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅੱਜ ਦੇ ਧਰਨਿਆਂ ਨੂੰ ਭਾਕਿਯੂ ਉਗਰਾਹਾਂ ਦੇ ਸ਼ਿਆਮ ਦਾਸ ਕਾਂਝਲੀ, ਬਲਜਿੰਦਰ ਸਿੰਘ ਹਥਨ, ਹਰਬੰਸ ਸਿੰਘ ਲੱਡਾ, ਮਨਜੀਤ ਸਿੰਘ ਘਰਾਚੋ, ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਅਵਤਾਰ ਸਿੰਘ ਤਾਰੀ, ਭੁਪਿੰਦਰ ਸਿੰਘ ਮਾਨ, ਜਗਜੀਤ ਸਿੰਘ ਜੱਗੀ ਮੀਰਹੇੜੀ, ਅਤਬਾਰ ਸਿੰਘ ਬਾਦਸ਼ਾਹਪੁਰ, ਨਰੰਜਨ ਸਿੰਘ ਦੋਹਲਾ, ਮੇਜਰ ਸਿੰਘ ਪੁੰਨਾਵਾਲ, ਸੁਰਜੀਤ ਸਿੰਘ ਫ਼ਤਿਹਗੜ, ਜਗਸੀਰ ਸਿੰਘ ਬਰਨਾਲਾ, ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ, ਜਸਮੇਲ ਸਿੰਘ ਕਾਲੇਕੇ, ਹਰਿੰਦਰ ਸਿੰਘ ਕਹੇਰੂ, ਡਾ.ਅਨਵਰ ਭਸੌੜ, ਜਰਨੈਲ ਸਿੰਘ ਜਨਾਲ, ਰਣਧੀਰ ਸਿੰਘ ਸੇਖਾ ਤੇ ਜਰਨੈਲ ਸਿੰਘ ਜਹਾਂਗੀਰ ਨੇ ਵੀ ਸੰਬੋਧਨ ਕੀਤਾ।