ਤਲਵੰਡੀ ਸਾਬੋ, 8 ਅਪਰੈਲ (ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਲ੍ਹਿਆਂ ਵਾਲੇ ਬਾਗ ਦੀ 100ਵੀਂ ਸ਼ਤਾਬਦੀ ਸਮਾਗਮ ਦੇ ਸਬੰਧ ਵਿੱਚ ਤਲਵੰਡੀ ਅਤੇ ਮੌੜ ਬਲਾਕ ਦੇ ਪਿੰਡਾਂ ਵਿੱਚ ਮੋਟਰ ਸਾਇਕਲ ਅਤੇ ਗੱਡੀਆਂ ਰਾਹੀਂ ਝੰਡਾ ਮਾਰਚ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਚੱਠੇਵਵਾਲਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿੱਚ 13 ਅਪ੍ਰੈਲ 1919 ਦੇ ਸਾਕੇ ਦੀ 100ਵੀਂ ਵਰੇ ਗੰਡ ਮਨਾਈ ਜਾ ਰਹੀ ਹੈ। ਜਲ੍ਹਿਆਂ ਵਾਲਾ ਬਾਗ ਦੀ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਵੱਲੋਂ ਅੱਜ ਪੂਰੇ ਪੰਜਾਬ ਵਿੱਚ ਬਲਾਕ ਪੱਧਰਾਂ ਤੇ ਝੰਡਾ ਮਾਰਚ ਉਲੀਕਿਆ ਗਿਆ ਹੈ। ਕਿਉਂਕਿ ਅੱਜ ਦੇ ਦਿਨ 8 ਅਪ੍ਰੈਲ 1929 ਨੂੰ ਸ਼ਹੀਦ ਭਗਤ ਸਿੰਘ ਨੇ ਬੋਲੇ ਅੰਗਰੇਜਾਂ ਨੂੰ ਜਗਾਉਣ ਲਈ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਇਸੇ ਵਜੋਂ ਸਮਾਗਮ ਕਮੇਟੀ ਨੇ ਕਾਲੇ ਅੰਗਰੇਜਾਂ ਨੂੰ ਜਗਾਉਣ ਲਈ ਪਿੰਡਾਂ ਵਿੱਚ ਝੰਡਾ ਮਾਰਚ ਕੀਤੇ ਜਾ ਰਹੇ ਹਨ। ਅੱਗੇ ਦੱਸਿਆ ਕਿ ਜਿਹੜੇ ਹਲਾਤ ਭਾਰਤ ਦੇ ਅੰਗਰੇਜਾਂ ਵੇਲੇ ਸਨ। ਅਜਾਦੀ ਤੋਂ ਬਾਅਦ ਵੀ ਆਮ ਲੋਕਾਂ ਦੇ ਜੀਵਨ ਵਿੱਚ ਕੋਈ ਸੁਧਾਰ ਨਹੀ ਹੋਇਆ, ਜੇ ਅੰਗਰੇਜੀ ਸ਼ਾਸਨ ਵੇਲੇ ਗਰੀਬੀ ਬੇਰੁਜਗਾਰੀ, ਭੁੱਖਮਰੀ ਕਰਜੇ ਜਿਹੀਆਂ ਅਲਾਮਤਾਂ ਸਨ ਤਾਂ ਉਹ ਅੱਜ ਵੀ ਮੂੰਹ ਚਿੜਾ ਰਹੀਆਂ ਹਨ। ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਅੱਜ ਵੀ ਅਜਾਦ ਨਹੀ ਹੋਇਆ। 13 ਅਪ੍ਰੈਲ ਦੇ ਸਾਕੇ ਦੀ 100ਵੀਂ ਵਰ੍ਹੇਗੰਡ ਮਨਾ ਕੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਥੇ ਨੌਜਵਾਨਾਂ ਨੂੰ ਜਾਗਰਿਤ ਕਰਕੇ ਭਾਰਤ ਨੂੰ ਕਾਲੇ ਅੰਗਰੇਜਾਂ ਤੋਂ ਮੁਕਤ ਕਰਵਾਉਣ ਲਈ ਲਾਮਬੰਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕੇ 13 ਅਪ੍ਰੈਲ ਨੂੰ ਅੰਮ੍ਰਿਤਸਰ ਵਿੱਚ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਪੁੰਚਣਗੇ। 13 ਅਪ੍ਰੈਲ ਲਈ ਬੱਸਾਂ ਅਤੇ ਫੰਡਾਂ ਦਾ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਅੱਜ ਦੀ ਰੈਲੀ ਵਿੱਚ ਹਰਜਿੰਦਰ ਸਿੰਘ ਬੱਗੀ ਜਿਲ੍ਹਾ ਜਰਨਲ ਸਕੱਤਰ, ਤਲਵੰਡੀ ਬਲਾਕ ਦੇ ਪ੍ਰਧਾਨ ਬਹੱਤਰ ਸਿੰਘ, ਮੌੜ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ ਮਾਈਸਰ ਖਾਨਾ, ਨੌਜਵਾਨ ਭਾਰਤ ਸਭਾ ਤੋਂ ਸਰਬਜੀਤ ਸਿੰਘ, ਡੀ.ਟੀ.ਐਫ ਆਗੂ ਭੋਲਾ ਰਾਮ, ਕੁਲਵੰਤ ਸਿੰਘ ਲਹਿਰੀ, ਕਲੱਤਰ ਸਿੰਘ ਕਲਾਲਵਾਲਾ, ਲੱਖਾ ਸਿੰਘ ਜੋਗੇਵਾਲਾ, ਭਿੰਦਰ ਸਿੰਘ ਭਾਈ ਬਖਤੌਰ, ਭੋਲਾ ਸਿੰਘ ਰਾਏ ਖਾਨਾ, ਭੋਲਾ ਸਿੰਘ ਮਾੜੀ, ਰਾਜੂ ਸਿੰਘ ਰਾਮ ਨਗਰ ਆਦਿ ਆਗੂਆਂ ਨੇ ਸੰਬੋਧਨ ਕੀਤਾ।