ਪਿੰਡ ਮਿਰਜ਼ੇਆਣਾ 'ਚ ਪੰਜ ਰੋਜ਼ਾ ਦਸਤਾਰ ਸਿਖਲਾਈ ਕੈਂਪ ਹੋਇਆ ਸਮਾਪਤ

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਤਲਵੰਡੀ ਸਾਬੋ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਿਰਜ਼ੇਆਣਾ ਵਿਖੇ ਲਗਾਏ ਗਏ ਪੰਜ ਰੋਜਾ ਦਸਤਾਰ ਸਿਖਲਾਈ ਕੈਂਪ ਦੀ ਅੱਜ ਸਮਾਪਤੀ ਕੀਤੀ ਗਈ। ਕੈਂਪ ਦੌਰਾਨ ਦਸਤਾਰ ਦੀ ਸਿਖਲਾਈ ਸਾਬੋ ਕੇ ਸਰਦਾਰੀਆਂ ਟਰੱਸਟ ਦੁਆਰਾ ਦਿੱਤੀ ਗਈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਖੇਤਰ ਇੰਚਾਰਜ ਭਾਈ ਸ਼ਮਸ਼ੇਰ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਮਿਰਜ਼ੇਆਣਾ ਵਿਖੇ ਇਹ ਪਹਿਲਾ ਦਸਤਾਰ ਸਿਖਲਾਈ ਕੈਂਪ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨ ਲਈ ਦਸਤਾਰ ਦੀ ਸਿਖਲਾਈ ਦਿੱਤੀ ਗਈ ਅਤੇ ਪਿੰਡ ਦੇ ਨੌਜਵਾਨਾਂ ਵੱਲੋਂ ਪੂਰੇ ਉਤਸ਼ਾਹ ਨਾਲ ਦਸਤਾਰ ਸਬੰਧੀ ਬਾਰੀਕੀਆਂ ਨੂੰ ਜਾਣਿਆ। ਇਸ ਮੌਕੇ ਜਿੱਥੇ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਸਾਰੇ ਨੌਜਵਾਨਾਂ ਨੂੰ ਉਤਸ਼ਾਹ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਉੱਥੇ ਦਸਤਾਰ ਸਬੰਧੀ ਕਿਤਾਬਾਂ ਦੇ ਸੈੱਟ ਵੀ ਭੇਂਟ ਕੀਤੇ ਗਏ। ਸਮਾਪਤੀ ਮੌਕੇ ਸੰਬੋਧਨ ਕਰਦਿਆਂ ਭਾਈ ਗੁਰਤੇਜ ਸਿੰਘ ਮਲਕਾਣਾ ਨੇ ਬੀਤੀ 24 ਮਾਰਚ ਨੂੰ ਸਜਾਏ ਗਏ ਵਿਸ਼ਾਲ ਦਸਤਾਰ ਚੇਤਨਾ ਮਾਰਚ ਮੌਕੇ ਪਿੰਡ ਮਿਰਜ਼ੇਆਣਾ ਦੇ ਨੌਜਵਾਨਾਂ ਵੱਲੋਂ ਸ਼ਮੂਲੀਅਤ ਕਰਕੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਉੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਟੱਡੀ ਸਰਕਲ ਨਾਲ ਜੁੜਨ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਅਰਵਿੰਦਰ ਸਿੰਘ ਰਵੀ, ਜਗਦੀਸ਼ ਸਿੰਘ ਸੀਂਗੋ, ਰਮਨਦੀਪ ਸਿੰਘ ਅਤੇ ਪਿੰਡ ਵਾਸੀਆਂ ਨੇ ਹਾਜ਼ਰੀ ਭਰੀ।