ਸਵੱਛ ਭਾਰਤ ਮੁਹਿੰਮ ਨੂੰ ਲੱਗੇ ਗ੍ਰਹਿਣ ਵਿਰੁੱਧ ਨਾਅਰੇਬਾਜ਼ੀ
- ਪੰਜਾਬ
- 04 Feb,2020
ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਰਾਹੀਂ ਸਫ਼ਾਈ ਪ੍ਰਬੰਧਾਂ ਨੂੰ ਹੋਰ ਸੁਯੋਗ ਬਣਾਉਣ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਪ੍ਰੰਤੂ ਇਸ ਦੇ ਉਲਟ ਸਥਾਨਕ ਬੱਸ ਸਟੈਂਡ ਵਿਖੇ ਮਾੜੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਆਲ਼ੇ ਦੁਆਲੇ ਦੇ ਲੋਕਾਂ ਵੱਲੋਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਫ਼ਾਈ ਪ੍ਰਬੰਧਾਂ ’ਚ ਸੁਧਾਰ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਮ ਆਦਮੀ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਡਾ. ਅਨਵਰ ਭਸੌੜ ਨੇ ਕਿਹਾ ਕਿ ਅਨੇਕਾਂ ਪਿੰਡਾਂ ਦੇ ਲੋਕ ਇਸ ਬੱਸ ਸਟੈਂਡ ’ਚ ਆ ਕੇ ਉੱਤਰਦੇ ਅਤੇ ਬੱਸਾਂ ਚੜਦੇ ਹਨ। ਪ੍ਰੰਤੂ ਸਵੱਛ ਭਾਰਤ ਮੁਹਿੰਮ ਤਹਿਤ ਇੱਕ ਕੰਧ ਉੱਪਰ ‘ਸਵੱਛ ਧੂਰੀ ਸੋਹਣਾ ਧੂਰੀ’ ਦੇ ਲੱਗੇ ਇਸ਼ਤਿਹਾਰ ਦੇ ਅੱਗੇ ਹੀ ਸੁੱਟੀ ਗਈ ਗੰਦਗੀ ਕਾਰਨ ਇਨਾਂ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧਾਂ ’ਤੇ ਕਿੰਤੂ ਕਰਦਿਆਂ ਕਿਹਾ ਕਿ ਜੇਕਰ ਸਫ਼ਾਈ ਪ੍ਰਬੰਧਾਂ ’ਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਮਲਕੀਤ ਸਿੰਘ, ਸੰਦੀਪ ਸਿੰਘ, ਲੱਖੀ ਕਾਂਝਲੀ, ਗੁਰਚਰਨ ਸਿੰਘ ਘਨੌਰ, ਭੋਲਾ ਸਿੰਘ ਆਦਿ ਵੀ ਹਾਜ਼ਰ ਸਨ।