ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਤੰਦਰੁਸਤ ਬਣਾਏ ਰੱਖਣ ਲਈ ਪੁਲਿਸ ਲਾਈਨ ਵਿਖੇ ਬਣਾਏ ਓਪਨ ਜਿੰਮ ਐਸ.ਐਸ.ਪੀ.

ਪਟਿਆਲਾ, 19 ਸਤੰਬਰ(ਪੀ.ਐਸ.ਗਰੇਵਾਲ) ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਲਈ ਬਣਾਏ ਦੋ ਓਪਨ ਜਿੰਮ ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਮੇਂ ਦਾ ਹਾਣੀ ਬਣਨ ਲਈ ਸਰੀਰਕ ਤੰਦਰੁਸਤੀ ਬਹੁਤ ਜਰੂਰੀ ਹੈ ਇਸ ਲਈ ਮੁਲਾਜ਼ਮਾਂ ਨੂੰ ਚੁਸਤ ਦਰੁਸਤ ਬਣਾਉਣ ਲਈ ਪੁਲਿਸ ਲਾਈਨ ਦੇ ਗਰਾਊਂਡ ਵਿਖੇ ਓਪਨ ਜਿੰਮ ਅਤੇ ਮੁਲਾਜ਼ਮਾਂ ਦੇ ਬੱਚਿਆਂ ਅਤੇ ਔਰਤਾਂ ਲਈ ਵੱਖਰੇ ਤੌਰ ’ਤੇ ਪਾਰਕ ਅੰਦਰ ਓਪਨ ਜਿੰਮ ਸਥਾਪਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਮੁਲਾਜ਼ਮਾਂ ਲਈ ਪੁਲਿਸ ਲਾਈਨ ਦੇ ਵੱਡੇ ਗਰਾਊਂਡ ਵਿਖੇ ਬਣਾਏ ਜਿੰਮ ਵਿਚ 8 ਮਸ਼ੀਨਾਂ ਅਤੇ ਪਰਿਵਾਰਾਂ ਲਈ ਪਾਰਕ ਵਿਚ ਬਣਾਏ ਜਿੰਮ ਵਿਚ 6 ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਸਵੇਰ ਸਮੇਂ ਅਤੇ ਰਾਤ ਸਮੇਂ ਕਸਰਤ ਕਰਨ ਲਈ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਪੁਲਿਸ ਲਾਈਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੀ 40 ਲੱਖ ਦੀ ਗਰਾਂਟ ਨਾਲ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਅਤੇ 20 ਲੱਖ ਰੁਪਏ ਨਾਲ ਹਸਪਤਾਲ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਹੁਣ ਸਮਾਜ ਸੇਵੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਹਿਯੋਗ ਨਾਲ ਸਰੀਰਕ ਤੰਦਰੁਸਤੀ ਲਈ ਦੋ ਵੱਖਰੇ-ਵੱਖਰੇ ਓਪਨ ਜਿੰਮ ਬਣਾਏ ਗਏ ਹਨ ਜਿਥੇ ਰੋਜਾਨਾ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰ ਕਸਰਤ ਕਰ ਸਕਣਗੇ। ਇਸ ਮੌਕੇ ਗਰਾਊਡ ਵਿਖੇ ਕਸਰਤ ਕਰ ਰਹੇ ਖਿਡਾਰੀਆਂ ਨੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਨੂੰ ਇਸ ਜਿੰਮ ਦੀ ਬਹੁਤ ਜਰੂਰਤ ਸੀ ਕਿਉਕਿ ਉਨਾਂ ਨੂੰ ਕਸਰਤ ਲਈ ਬਾਹਰ ਜਾਣਾ ਪੈਦਾ ਸੀ। ਸ. ਮਨਦੀਪ ਸਿੰਘ ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪਿਛਲੇ ਦਿਨੀਂ ਪੁਲਿਸ ਲਾਈਨ ਵਿਖੇ ਰਹਿੰਦੇ ਪਰਿਵਾਰਾਂ ਵੱਲੋਂ ਉਨਾਂ ਨਾਲ ਮੁਲਾਕਾਤ ਕਰਕੇ ਜਿੰਮ ਦੀ ਮੰਗ ਰੱਖੀ ਸੀ ਜਿਸ ’ਤੇ ਅਮਲ ਕਰਦਿਆ ਪੁਲਿਸ ਲਾਈਨ ਵਿਖੇ ਦੋ ਓਪਨ ਜਿੰਮ ਬਣਾਏ ਗਏ ਹਨ। ਇਸ ਮੌਕੇ ਕੁਝ ਬੱਚਿਆਂ ਵੱਲੋਂ ਫੁਟਬਾਲ ਗਰਾਊਡ ’ਚ ਨੈਟ ਲਗਾਉਣ ਦੀ ਮੰਗ ਨੂੰ ਵੀ ਸਵੀਕਾਰ ਕਰਦਿਆ ਉਨਾਂ ਮੌਕੇ ’ਤੇ ਹੀ ਨੈਟ ਲਗਾਉਣ ਦੀ ਹਦਾਇਤ ਕੀਤੀ। ਇਸ ਮੌਕੇ ਐਸ.ਪੀ. ਐਚ ਸ. ਨਵਨੀਤ ਸਿੰਘ ਬੈਂਸ, ਐਸ.ਪੀ. ਸ੍ਰੀ ਵਰੁਣ, ਐਸ.ਪੀ ਟ੍ਰੈਫਿਕ ਪਲਵਿੰਦਰ ਸਿੰਘ ਚੀਮਾਂ, ਐਸ.ਪੀ. ਡੀ. ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਐਚ. ਸ. ਪੁਨੀਤ ਸਿੰਘ ਚਾਹਲ ਸਮੇਂ ਪੁਲਿਸ ਮੁਲਾਜ਼ਮ ਅਤੇ ਉਨਾਂ ਦੇ ਪਰਿਵਾਰ ਮੌਜੂਦ ਸਨ।