ਧੂਰੀ,29 ਅਕਤੂਬਰ (ਮਹੇਸ਼ ਜਿੰਦਲ) ਧੂਰੀ-ਸੰਗਰੂਰ ਮੁੱਖ ਮਾਰਗ ‘ਤੇ ਚੱਲ ਰਹੇ ਓਵਰਲੋਡ ਵਾਹਨਾਂ ਦੀ ਇੱਕ ਵਿਸ਼ੇਸ਼ ਚੈਕਿੰਗ ਆਰ.ਟੀ.ਏ. ਦੇ ਸਕੱਤਰ ਸ਼੍ਰੀ ਕਰਨਬੀਰ ਸਿੰਘ ਛੀਨਾ ਵੱਲੋਂ ਕੀਤੀ ਗਈ । ਇਸ ਚੈਕਿੰਗ ਦੌਰਾਨ ਵੱਖ-ਵੱਖ ਓਵਰਲੋਡ ਵਾਹਨਾਂ ਨੂੰ ਰੋਕਕੇ ਉਹਨਾਂ ਦੇ ਕਾਗਜਾਤ ਚੈਕ ਕੀਤੇ ਗਏ ਅਤੇ ਓਵਰਲੋਡ ਵਾਹਨਾਂ ਨੂੰ ਥਾਣਾ ਸਦਰ ਧੂਰੀ ਵਿਖੇ ਬੰਦ ਕਰਵਾਇਆ ਗਿਆ। ਇਸਦੇ ਨਾਲ ਹੀ ਉਹਨਾਂ ਨੇ ਸੇਫ ਸਕੂਲ ਵਾਹਨ ਪਾਲਸੀ ਤਹਿਤ ਕੁੱਝ ਨਿੱਜੀ ਸਕੂਲਾਂ ਦੀਆਂ ਬੱਸਾਂ ਦੇ ਕਾਗਜਾਤ ਅਤੇ ਮਾਪਦੰਡ ਚੈਕ ਕੀਤੇ ਅਤੇ ਅਧੂਰੇ ਮਾਪਦੰਡਾਂ ਵਾਲੀਆਂ ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ। ਇਸ ਮੌਕੇ ਸ਼੍ਰੀ ਕਰਨਬੀਰ ਸਿੰਘ ਛੀਨਾ ਨੇ ਕਈ ਵਾਹਨ ਚਾਲਕਾਂ ਪਾਸੋਂ ਮੌਕੇ ‘ਤੇ ਹੀ ਜੁਰਮਾਨੇ ਦੀ ਬਣਦੀ ਫੀਸ ਭਰਵਾ ਕੇ ਉਹਨਾਂ ਦੇ ਵਾਹਨਾਂ ਨੂੰ ਮੌਕੇ ‘ਤੇ ਹੀ ਫਾਰਗ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਛੀਨਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਪਾਰਕ ਵਾਹਨਾਂ ਉੱਪਰ ਓਵਰਲੋਡ ਸਮਾਨ ਦੀ ਢੋਆ-ਢੁਆਈ ਕਰਨ ਤੋਂ ਗੁਰੇਜ ਕਰਨ ਅਤੇ ਆਪਣੇ ਵਾਹਨਾਂ ਉਪਰ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ। ਉਹਨਾਂ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੇਫ ਸਕੂਲ ਵਾਹਨ ਪਾਲਸੀ ਤਹਿਤ ਸਾਰੇ ਮਾਪਦੰਡ ਪੂਰੇ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰੇਕ ਬੱਸ ਵਿੱਚ ਅੱਗ ਬੁਝਾਊ ਯੰਤਰ ਲੱਗਿਆ ਹੋਣਾ ਚਾਹੀਦਾ ਹੈ ਅਤੇ ਹਰ ਬੱਸ ਵਿੱਚ ਇੱਕ ਅਟੈਂਡੈਂਟ ਦਾ ਹੋਣਾ ਅਤਿ ਜਰੂਰੀ ਹੈ। ਉਹਨਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਪਾਕੇ ਸਕੂਟਰ, ਮੋਟਰਸਾਈਕਲ ਚਲਾਉਣ ਦੀ ਅਪੀਲ ਵੀ ਕੀਤੀ।