ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਅੱਜ(ਮਾਮਲਾ ਪੰਜਾਬ ਸਰਕਾਰ ਵੱਲੋਂ ਵਰਕਰਾਂ ਅਤੇ ਹੈਲਪਰਾਂ ਨੂੰ ਵਧੇ ਹੋਏ ਪੈਸੇ ਨਾ ਦੇਣ ਦਾ)
- ਪੰਜਾਬ
- 01 Oct,2019
ਤਲਵੰਡੀ ਸਾਬੋ, 1 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਲਵੰਡੀ ਸਾਬੋ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਤੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਖਿਲਾਫ 2 ਅਕਤੂਬਰ ਨੂੰ ਬਲਾਕ ਪੱਧਰ ਤੇ ਤਲਵੰਡੀ ਸਾਬੋ 'ਚ ਰੋਸ ਪ੍ਰਦਰਸ਼ਨ ਕਰਕੇ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਭੇਜਿਆ ਜਾਵੇਗਾ। ਯੂਨੀਅਨ ਬਲਾਕ ਪ੍ਰਧਾਨ ਸਤਵੰਤ ਕੌਰ ਨੇ ਇਥੇ ਭੇਜੇ ਪ੍ਰੈਸ ਬਿਆਨ 'ਚ ਦੱਸਿਆ ਕਿ ਸੂਬੇ ਵਿੱਚ ਜਿਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ 'ਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਸਾਰੇ ਹਲਕਿਆਂ 'ਚ ਜਥੇਬੰਦੀ ਵੱਲੋਂ ਵੱਡੀਆਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 10-11 ਮਹੀਨੇ ਪਹਿਲਾਂ ਕੇਂਦਰ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕ੍ਰਮਵਾਰ 1500 ਰੁਪਏ ਤੇ 750 ਰੁਪਏ ਦਾ ਵਾਧਾ ਕੀਤਾ ਸੀ ਪਰ ਪੰਜਾਬ ਸਰਕਾਰ ਨੂੰ 1500 ਦੀ ਥਾਂ 900 ਅਤੇ 750 ਦੀ ਥਾਂ 450 ਰੁਪਏ ਹੀ ਦਿੱਤੇ ਹਨ ਤੇ ਆਪਣੇ ਹਿੱਸੇ ਦੇ ਪੈਸੇ ਸਰਕਾਰ ਨੱਪੀ ਬੈਠੀ ਹੈ ਵਿੱਤ ਵਿਭਾਗ ਗੱਲ ਹੀ ਨਹੀਂ ਸੁਣ ਰਿਹਾ। ਇਸ ਤਰ੍ਹਾਂ ਪੋਸ਼ਣ ਦੇ ਪੈਸੇ ਵਰਕਰਾਂ ਅਤੇ ਹੈਲਪਰਾਂ ਨੂੰ ੨ ਸਾਲ ਤੋਂ ਨਹੀਂ ਦਿੱਤੇ ਗਏ ਤੇ ਕੁਝ ਹੋਰਨਾਂ ਕੰਮਾਂ ਦੇ ਪੈਸੇ ਵੀ ਸਰਕਾਰ ਰੋਕੀ ਬੈਠੀ ਹੈ ਜਿਸ ਕਰਕੇ ਜਥੇਬੰਦੀ ਨੂੰ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਣਾ ਪਿਆ। ਆਗੂਆਂ ਨੇ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਯੂਨੀਅਨ ਵੱਲੋਂ ਦਿੱਤੇ ਗਏ ਉਕਤ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਤਾਂ ਕਿ ਸਰਕਾਰ ਦੀ ਜਾਗ ਖੁੱਲ੍ਹ ਸਕੇ। ਇਸ ਮੌਕੇ ਸੁਰਜੀਤ ਕੌਰ ਬੰਗੀ, ਪਰਮਜੀਤ ਕੌਰ ਤਲਵੰਡੀ, ਇੰਦਰਜੀਤ ਕੌਰ ਰਾਮਾਂ, ਬਲਵੀਰ ਕੌਰ ਲਹਿਰੀ, ਮੀਨਾਕਸ਼ੀ ਸ਼ਰਮਾ, ਗੁਰਵਿੰਦਰ ਕੌਰ ਸਮੇਤ ਆਂਗਣਵਾੜੀ ਯੂਨੀਅਨ ਆਗੂ ਮੌਜੂਦ ਸਨ।
Posted By:
