ਫਾਜ਼ਿਲਕਾ 27 ਦਸੰਬਰ(ਕ੍ਰਿਸ਼ਨ ਸਿੰਘ) ਪੰਜਾਬ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀ ਕਬੱਡੀ ਟੀਮ ਨੇ ਜੇਤੂ ਰਹਿ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਲ੍ਹੇ ਦੀ ਕਬੱਡੀ ਟੀਮ ਨੇ ਮੋਗਾ ਜ਼ਿਲ੍ਹੇ ਦੀ ਟੀਮ ਨੂੰ ਹਰਾ ਕੇ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਤ ਪ੍ਰਾਪਤ ਕਰਕੇ ਪਹੁੰਚੀ ਜ਼ਿਲ੍ਹੇ ਦੀ ਕਬੱਡੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਉਪਰੰਤ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਸ ਜੇਤੂ ਟੀਮ ਵਿੱਚ ਸ਼ਾਮਲ ਜ਼ਿਲ੍ਹੇ ਦੇ ਵੱਖ-ਵੱਖ ਪ੍ਰਾਇਮਰੀ ਸਕੂਲਾਂ ਦੇ ਖਿਡਾਰੀਆਂ ਦੀ ਵਿਸ਼ੇਸ਼ ਤੌਰ 'ਤੇ ਹੌਂਸਲਾ ਅਫਜ਼ਾਈ ਵੀ ਕੀਤੀ। ਉਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਅਤੇ ਜ਼ਿਲ੍ਹੇ ਦਾ ਨਾਮ ਚਮਕਾਉਣ 'ਤੇ ਵਧਾਈ ਵੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਖੇਡਾਂ ਦੀ ਮਹਤੱਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵੱਧਣ ਲਈ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਜ਼ਿਲ੍ਹਾ ਪੱਧਰੀ ਇਸ ਟੀਮ ਦੀ ਅਗਵਾਈ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਤੀਰ ਵਾਲਾ ਦੇ ਈ.ਟੀ.ਟੀ. ਅਧਿਆਪਕ ਸ. ਕੁਲਦੀਪ ਸਿੰਘ ਸਭਰਵਾਲ ਨੇ ਦੱਸਿਆ ਕਿ ਪੰਜਾਬ ਪੱਧਰੀ ਪ੍ਰਾਇਮਰੀ ਖੇਡਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈਆਂ ਸਨ। ਜ਼ਿਲ੍ਹਾ ਮੋਗਾ ਦੀ ਟੀਮ ਦੇ ਨਾਲ ਹੋਏ ਫਾਈਨਲ ਮੁਕਾਬਲੇ ਦੌਰਾਨ 43-20 ਅੰਕਾਂ ਦੇ ਫਰਕ ਨਾਲ ਉਨ੍ਹਾਂ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਅਧਿਆਪਕ ਸ. ਕੁਲਦੀਪ ਸਿੰਘ ਸਭਰਵਾਲ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਪੱਧਰੀ ਇਸ ਟੀਮ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ਤੀਰ ਵਾਲਾ ਦੇ 9 ਖਿਡਾਰੀਆਂ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਘਾਗਾ ਖੁਰਦ(ਬਲਾਕ ਗੁਰੂਹਰਸਾਏ-3), ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸੈਦੋ ਕੇ(ਬਲਾਕ ਗੁਰੂਹਰਸਾਏ-3) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਓਰਫ ਟਿਲਾਂ ਵਾਲੀ ਦੇ ਇਕ-ਇਕ ਖਿਡਾਰੀ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਫੋਟੋ ਕੈਪਸ਼ਨ: 1. ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਜੇਤੂ ਟੀਮ ਨੂੰ ਸਨਮਾਨਤ ਕਰਦੇ ਹੋਏ। 2. ਜ਼ਿਲ੍ਹਾ ਪੱਧਰੀ ਕਬੱਡੀ ਟੀਮ ਦੀ ਅਗਵਾਈ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਤੀਰ ਵਾਲਾ ਦੇ ਈ.ਟੀ.ਟੀ ਅਧਿਆਪਕ ਸ. ਕੁਲਦੀਪ ਸਿੰਘ ਸਭਰਵਾਲ ਜੇਤੂ ਟੀਮ ਦੇ ਖਿਡਾਰੀਆਂ ਤੇ ਟਰਾਫੀ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ।