ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਂਵੇ ਕਿਸਾਨਾਂ ਦੀ ਕਰਜਾ ਮੁਆਫੀ ਦੀ ਗੱਲ ਕੀਤੀ ਜਾ ਰਹੀ ਹੈ ਪ੍ਰੰਤੂ ਚੋਣਾਂ ਸਮੇਂ ਸੰਪੂਰਨ ਕਰਜਾ ਮੁਆਫੀ ਤੋਂ ਪਿੱਛੇ ਹਟ ਜਾਣ ਕਾਰਣ ਸੂਬੇ ਅੰਦਰ ਕਰਜੇ ਦੇ ਮਕੜਜਾਲ ਵਿੱਚ ਫਸੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਰੁਕਣ ਦਾ ਨਾਮ ਨਹੀ ਲੈ ਰਿਹਾ।ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਤਲਵੰਡੀ ਸਾਬੋ ਨੇੜਲੇ ਪਿੰਡ ਨੱਤ ਵਿਖੇ ਸਾਹਮਣੇ ਆਇਆ ਜਿੱਥੇ ਕਰਜੇ ਦੇ ਬੋਝ ਥੱਲੇ ਦੱਬੇ ਇੱਕ ਕਿਸਾਨ ਵੱਲੋਂ ਬੀਤੀ ਰਾਤ ਆਪਣੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਨੱਤ ਦਾ ਕਿਸਾਨ ਗਮਦੂਰ ਸਿੰਘ ਪੁੱਤਰ ਸਰਵਣ ਸਿੰਘ ਚਾਰ ਏਕੜ ਜਮੀਨ ਦਾ ਮਾਲਕ ਸੀ ਤੇ ਉਸ ਉੱਪਰ ਕਰੀਬ ਸੱਤ ਲੱਖ ਰੁਪਏ ਦਾ ਕਰਜਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪੁੱਤਰ ਜਗਮੋਹਣ ਸਿੰਘ ਅਨੁਸਾਰ ਸਿਰ ਤੇ ਚੜੇ ਕਰਜੇ ਅਤੇ ਪਿਛਲੇ ਸਮੇਂ ਵਿੱਚ ਫਸਲਾਂ ਵਧੀਆ ਨਾ ਹੋਣ ਕਾਰਣ ਬੀਤੇ ਸਮੇਂ ਤੋਂ ਹੀ ਗਮਦੂਰ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। ਇਸੇ ਦੇ ਚਲਦਿਆਂ ਬੀਤੀ ਦੇਰ ਰਾਤ ਉਸਨੇ ਆਪਣੇ ਘਰ ਦੇ ਇੱਕ ਕੋਨੇ ਵਿੱਚ ਕੀਟਨਾਸ਼ਕ ਦਵਾਈ ਨਿਗਲ ਲਈ ਜਿਸਦਾ ਥੋੜੀ ਦੇਰ ਬਾਅਦ ਕਿਸਾਨ ਦੇ ਪੁੱਤਰ ਨੂੰ ਪਤਾ ਲੱਗਾ ਤਾਂ ਉਸਨੂੰ ਇਲਾਜ ਲਈ ਹਸਪਤਾਲ ਵੀ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਕਿਸਾਨ ਆਪਣੇ ਪਿੱਛੇ ਪਤਨੀ, ਇੱਕ ਲੜਕੇ ਅਤੇ ਵਿਆਹੁਤਾ ਲੜਕੀ ਨੂੰ ਛੱਡ ਗਿਆ ਹੈ।ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪੀੜਿਤ ਪਰਿਵਾਰ ਲਈ ਯੋਗ ਮੁਆਵਜੇ ਦੀ ਮੰਗ ਕੀਤੀ ਹੈ।