ਸ: ਜੋਰਾ ਸਿੰਘ ਮਾਨ ਦਾ ਜਨਮ 1938 ਈਸਵੀ ‘ਚ ਪਿੰਡ ਬੰਗੀ ਨਿਹਾਲ ਸਿੰਘ(ਬਠਿੰਡਾ) ਵਿਖੇ ਸ: ਫੱਤਾ ਸਿੰਘ ਮਾਨ ਅਤੇ ਮਾਤਾ ਇੰਦ ਕੌਰ ਦੇ ਗ੍ਰਹਿ ਵਿਖੇ ਸੁਭਾਗੇ ਦਿਨ ਹੋਇਆ। ਮਿਹਨਤ ,ਇਮਾਨਦਾਰੀ ਅਤੇ ਨਿਮਰਤਾ ਦੇ ਪੁੰਜ ਸ: ਜੋਰਾ ਸਿੰਘ ਮਾਨ ਆਪਣੇ ਭਰਾਵਾਂ ਸ: ਕੌਰ ਸਿੰਘ ਖ਼ਾਲਸਾ,ਸ: ਇਕਬਾਲ ਸਿੰਘ ਫੌਜੀ ਤੇ ਭੈਣ ਤੇਜ ਕੌਰ ਦੇ ਲਾਡਲੇ ਤੇ ਛੋਟੇ ਵੀਰ ਸਨ।ਤਿੰਨੋਂ ਭਰਾਵਾਂ ਦੇ ਆਪਸੀ ਮੋਹ-ਪ੍ਰੇਮ ਤੇ ਰਿਸ਼ਤਿਆਂ ਦੀ ਸਾਂਝ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਾਨ ਪਰਿਵਾਰ ਤਕਰੀਬਨ 70 ਸਾਲ ਸੰਯੁਕਤ ਪਰਿਵਾਰ ਵਜੋਂ ਸੰਗਠਤ ਹੋਣ ਕਾਰਨ ਪਿੰਡ ਵਿੱਚ ਖਿੱਚ ਅਤੇ ਪ੍ਰੇਰਨਾ ਦਾ ਕੇਂਦਰ ਬਣਿਆ ਰਿਹਾ।ਇਹਨਾਂ ਦੇ ਵੱਡੇ ਭਰਾ ਸ: ਕੌਰ ਸਿੰਘ ਖ਼ਾਲਸਾ ਸਾਰੀ ਉਮਰ ਗੁਰੂ ਘਰ ਦੀ ਸੇਵਾ,ਧਾਰਮਿਕ ਅਤੇ ਸਮਾਜ-ਸੇਵਾ ‘ਚ ਵਿਚਰਦੇ ਰਹੇ,ਸ: ਇਕਬਾਲ ਸਿੰਘ ਨੇ ਭਾਰਤੀ ਸੈਨਾ ‘ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕੀਤੀ ਅਤੇ ਸੇਵਾ-ਮੁਕਤੀ ਤੋਂ ਬਾਅਦ ਕਬੀਲਦਾਰੀ ਦਾ ਕੰਮ ਪੂਰੀ ਸ਼ਿੱਦਤ,ਜ਼ਿੰਮੇਵਾਰੀ ਨਾਲ਼ ਸੰਭਾਲਿਆ ਅਤੇ ਖੇਤੀਬਾੜੀ ਦੇ ਕੰਮਾਂ ‘ਚ ਸਹਿਯੋਗ ਦਿੱਤਾ। ਸ: ਜੋਰਾ ਸਿੰਘ ਮਾਨ ਨੇ ਖੇਤੀਬਾੜੀ ਦਾ ਕੰਮ ਪੂਰੇ ਚਾਅ-ਉਤਸ਼ਾਹ ਨਾਲ਼ ਕਰ ਕੇ ਟਿੱਬਿਆਂ ਨੂੰ ਪੱਧਰ ਕਰ ਕੇ ਗੁਆਰੇ,ਛੋਲੇ,ਤਾਰਾ-ਮੀਰਾ,ਸਰੋਂ,ਜੌਂਆਂ ਆਦਿ ਦੀ ਪਰੰਪਰਾਗਤ/ਬਰਾਨੀ ਖੇਤੀ ਤੋਂ ਨਰਮੇ,ਝੋਨੇ ,ਭਰਵੀਂ ਕਣਕ ਤੱਕ ਦਾ ਵਕਤ ਵੇਖਿਆ,ਊ੍ਰਠ-ਬਲਦਾਂ ਦੇ ਹਲਾਂ ਤੋਂ ਟਰੈਕਟਰ/ਆਧੁਨਿਕ ਖੇਤੀ ਸੰਦਾਂ ਦਾ ਸਫ਼ਰ,ਪਾਣੀ ਨੂੰ ਤਰਸਦੇ ਖੇਤਾਂ,ਕੱਚੇ ਧੋਰੀ ਖਾਲਾਂ ਤੋਂ ਲੈ ਕੇ ਖੁੱਲ਼੍ਹੇ ਨਹਿਰੀ ਪਾਣੀ,ਟਿਊਬਵੈੱਲ-ਮੋਟਰਾਂ,ਪੱਕੇ ਖਾਲਾਂ ਅਤੇ ਇੱਕੋ ਨੱਕੇ ਸਿੰਜੇ ਜਾਣ ਵਾਲ਼ੇ ਖੇਤਾਂ ਤੱਕ ਜੱਦੀ-ਪੁਸ਼ਤੀ ਜ਼ਮੀਨ ਨੂੰ ਪਹੁੰਚਾਉਣ ਲਈ ਖੇਤ ਨੂੰ ਆਪਣੀ ਕਰਮ ਭੂਮੀ ਬਣਾ ਕੇ ਪਰਿਵਾਰ ਨੂੰ ਆਰਥਿਕ ਤੌਰ ‘ਤੇ ਖ਼ੁਸ਼ਹਾਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।ਦੂਰਦਰਸ਼ੀ ਸੋਚ,ਸ਼ਾਂਤ ਸੁਭਾਅ ਅਤੇ ਨੇਕ ਨੀਅਤ ਹੋਣ ਕਾਰਨ ਪਿੰਡ ਵਾਸੀ ਆਪ ਦਾ ਹਮੇਸ਼ਾ ਦਿਲੋਂ ਸਤਿਕਾਰ ਕਰਦੇ ਸਨ। ਰੱਬੀ ਰੰਗਾਂ ‘ਚ ਰੰਗੇ ਅਤੇ ਸਰਬੱਤ ਦਾ ਭਲਾ ਮੰਗਣ ਵਾਲ਼ੇ ਸ:ਜੋਰਾ ਸਿੰਘ ਮਾਨ ਦਾ ਸ਼ੱੁਭ ਵਿਆਹ 1962 ਈਸਵੀ ‘ਚ ਪਿੰਡ ਹੁਸਨਰ(ਸ਼੍ਰੀ ਮੁਕਤਸਰ ਸਾਹਿਬ) ਦੇ ਸ: ਜੰਗੀਰ ਸਿੰਘ ਤੇ ਸਰਦਾਰਨੀ ਬਲਵੀਰ ਕੌਰ ਦੀ ਹੋਣਹਾਰ ਧੀ ਹਰਪਾਲ ਕੌਰ ਨਾਲ਼ ਹੋਇਆ।ਸਰਦਾਰਨੀ ਹਰਪਾਲ ਕੌਰ ਨੇ ਸਾਂਝੇ ਪਰਿਵਾਰ ‘ਚ ਇਕਸੁਰ ਹੋ ਕੇ ਕੰਮ ਕਰਨ ਦੇ ਨਾਲ਼-ਨਾਲ਼ ਸਾਰੇ ਪਰਿਵਾਰਕ ਅਤੇ ਦੁਨਿਆਵੀ ਫ਼ਰਜ਼ ਪੂਰੀ ਤਨਦੇਹੀ ਨਾਲ਼ ਨਿਭਾਏ।ਇਹਨਾਂ ਦੇ ਘਰ ਇੱਕ ਬੇਟੀ ਅਤੇ ਦੋ ਪੁੱਤਰਾਂ ਦਾ ਜਨਮ ਹੋਇਆ।ਹੋਣਹਾਰ ਧੀ ਅਮਰਜੀਤ ਕੌਰ ਪਤਨੀ ਸਵ: ਰੂਪ ਸਿੰਘ ਪਿੰਡ ਕੋਟਲੀ ਅਬਲੂ ਕੋਠੇ ਫੁੰਮਣ ਸਿੰਘ ਵਿਖੇ ਸ਼ਾਦੀ ਸ਼ੁਦਾ ਹੈ।ਦੋਹਤੀ ਰਮਨਦੀਪ ਕੌਰ ਪਤਨੀ ਸ: ਜਸਪ੍ਰੀਤ ਸਿੰਘ ਆਸਟਰੇਲੀਆ ਵਿਖੇ ਅਤੇ ਦੋਹਤਾ ਹਸਨਪ੍ਰੀਤ ਸਿੰਘ ਨਿਊਜੀਲੈਂਡ ਵਿਖੇ ਸੈੱਟਲ ਹੈ। ਵੱਡੇ ਲੜਕੇ ਬਲਵਿੰਦਰ ਸਿੰਘ ਨੇ ਆਪ ਦਾ ਖੇਤੀ ਦੇ ਕੰਮਾਂ ਵਿੱਚ ਬੇਅੰਤ ਸਹਿਯੋਗ ਦਿੱਤਾ।ਮਿਲਾਪੜੇ ਸੁਭਾ ਦੇ ਮਾਲਕ ਛੋਟੇ ਬੇਟੇ ਪਿਰਤਪਾਲ ਸਿੰਘ ਮਾਨ ਨੇ ਆਪਣੇ ਸਮੇਂ ਦੌਰਾਨ ਹੈਂਡਬਾਲ ਅੰਤਰ-ਰਾਸ਼ਟਰੀ ਪੱਧਰ ਤੱਕ ਖੇਡ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਤੇ ਜੋ ਇਸ ਵਕਤ ਪੰਜਾਬ ਪੁਲਿਸ ‘ਚ ਬਠਿੰਡਾ ਵਿਖੇ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਕਾਰਜਸ਼ੀਲ ਹੈ।ਲਾਡਲੇ ਪੋਤਰਿਆਂ ‘ਚੋਂ ਸ਼ਗਨਜੀਤ ਸਿੰਘ ਮਾਨ ਸਬ ਇੰਸਪੈਕਟਰ ਪੰਜਾਬ ਪੁਲਿਸ ‘ਚ ,ਜਗਜੀਤ ਸਿੰਘ ਬਿੱਟੂ ਖੇਤੀਬਾੜੀ ‘ਚ ਅਤੇ ਰਸਨਦੀਪ ਸਿੰਘ ਰਾਣਾ ਵਿਦੇਸ਼ ਪਰਵਾਸ ਕਰ ਜਾਣ ਦੀ ਤਿਆਰੀ ‘ਚ ਹੈ। ਸਿੱਖ ਧਰਮ ਤੇ ਗੁਰ ਇਤਹਾਸ ਨਾਲ਼ ਅਥਾਹ ਮੋਹ ਰੱਖਣ ਵਾਲ਼ੇ ਸਵ: ਜੋਰਾ ਸਿੰਘ ਮਾਨ 1999 ਈਸਵੀ ‘ਚ ਅੰਮ੍ਰਿਤ ਪਾਨ ਕਰ ਕੇ ਗੁਰੂ ਦੇ ਲੜ ਲੱਗ ਗਏ ਅਤੇ ਮਾਨਵਤਾ ਦੀ ਸੇਵਾ ਕਰਦੇ ਰਹੇ।ਇਹੀ ਕਾਰਨ ਹੈ ਕਿ ਭੈਣ-ਭਰਾਵਾਂ,ਪੁੱਤਰ,ਜਵਾਈ,ਭਤੀਜੇ ਆਦਿ ਪਰਿਵਾਰਕ ਜੀਆਂ ਦੀ ਮੌਤ ਦੇ ਔਖੇ ਵਕਤ ਆਪ ਡੋਲਣ ਦੀ ਥਾਂ ,ਗੁਰੂ ਦਾ ਭਾਣਾ ਮੰਨ ਕੇ ਪਰਿਵਾਰ ਨੂੰ ਮਾਨਸਿਕ ਤੌਰ ‘ਤੇ ਤਕੜਾ ਕਰਨ ਅਤੇ ਖੇਤੀਬਾੜੀ ਦੇ ਕੰਮਾਂ ‘ਚ ਰੁੱਝੇ ਰਹੇ। ਸਵ: ਜੋਰਾ ਸਿੰਘ ਮਾਨ ਦੀ ਨੇਕ ਨੀਤੀ,ਸਦਾਚਾਰ,ਨਰਮ ਤੇ ਮਿਹਨਤੀ ਸੁਭਾਅ ਤੋਂ ਸਬਕ ਲੈ ਅੱੱਜ ਮਾਨ ਪਰਿਵਾਰ ਦੀ ਫੁਲਵਾੜੀ ਦੇ ਮੈਂਬਰ ਹਮਸਫ਼ਰ ਸਰਦਾਰਨੀ ਹਰਪਾਲ ਕੌਰ ਮਾਨ ,ਪੁੱਤਰ ਅਸਿਟੈਂਟ ਸਬ ਇੰਸਪੈਕਟਰ ਪਿਰਤਪਾਲ ਸਿੰਘ ਮਾਨ , ਭਤੀਜੇ ਸੁਖਮੰਦਰ ਸਿੰਘ ਮਾਨ ,ਜਸਵਿੰਦਰ ਸਿੰਘ ਮਾਨ , ਹੋਣਹਾਰ ਨੂੰਹਾਂ ਪਰਮਜੀਤ ਕੌਰ,ਸੁਖਵੀਰ ਕੌਰ,ਕੁਲਵਿੰਦਰ ਕੌਰ,ਗੁਰਵਿੰਦਰ ਕੌਰ,ਸੁਖਵਿੰਦਰ ਕੌਰ ,ਪੋਤਰੇ/ਪੋਤਰੀਆਂ ਸਬ ਇੰਸਪੈਕਟਰ ਸ਼ਗਨਜੀਤ ਸਿੰਘ ਮਾਨ,ਰਸਨਦੀਪ ਸਿੰਘ ਰਾਣਾ,ਜਗਜੀਤ ਸਿੰਘ ਬਿੱਟੂ, ਜੋਬਨਦੀਪ ਸਿੰਘ ,ਕਰਨਵੀਰ ਸਿੰਘ,ਸਰਵਜੀਤ ਕੌਰ ਤੇ ਰੂਬੀ ਕੌਰ ,ਪੋਤ-ਨੂੰਹ ਕਰਮਜੀਤ ਕੌਰ,ਪੜਪੋਤਰੀ ਨਿਮਰਤ ਕੌਰ ਵਿਕਾਸ ਦੀਆਂ ਮੰਜ਼ਿਲਾਂ ਛੋਹ ਰਹੇ ਹਨ। ਜੇਹਾ ਚੀਰੀ ਲਿਿਖਆ ਤੇਹਾ ਹੁਕਮੁ ਕਮਾਹਿ॥ਘਲੇ ਆਵਹਿ ਨਾਨਕਾ ਸਦੇ ਉਠੀ ਜਾਹ॥ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਰੱਬੀ ਅਤੇ ਕਿਰਤ ਦੇ ਰੰਗਾਂ ‘ਚ ਰੰਗੇ ਸ: ਜੋਰਾ ਸਿੰਘ ਮਾਨ ਜੀ ਪਰਮਾਤਮਾ ਦੁਆਰਾ ਬਖ਼ਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ 26 ਜਨਵਰੀ 2023 ਨੂੰ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ।ਆਪ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 05-02-2023 (ਐਤਵਾਰ) ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ, ਪਿੰਡ ਬੰਗੀ ਨਿਹਾਲ ਸਿੰਘ,ਤਹਿਸੀਲ ਤਲਵੰਡੀ ਸਾਬੋ(ਬਠਿੰਡਾ) ਵਿਖੇ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਹੋਵੇਗੀ,ਜਿੱਥੇ ਵੱਡੀ ਗਿਣਤੀ ‘ਚ ਧਾਰਮਿਕ ਤੇ ਰਾਜਸੀ ਆਗੂ,ਰਿਸ਼ਤੇਦਾਰ,ਸਬੰਧੀ ਤੇ ਪਿੰਡ ਵਾਸੀ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਲੈਕਚਰਾਰ ਤਰਸੇਮ ਸਿੰਘ ਬੁੱਟਰ