ਬੇਰੁਜਗਾਰ ਅਧਿਆਪਕਾਂ ’ਤੇ ਕੀਤੇ ਲਾਠੀਚਾਰਜ ਦੀ ਨਿੰਦਾ
- ਪੰਜਾਬ
- 11 Mar,2020
ਧੂਰੀ,11 ਮਾਰਚ (ਮਹੇਸ਼ ਜਿੰਦਲ) ਅੱਜ ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਵੰਡ ਮੰਡਲ ਧੂਰੀ ਦੀ ਮੀਟਿੰਗ ਮੰਡਲ ਪ੍ਰਧਾਨ ਸੁਖਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਬਲਵੰਤ ਸਿੰਘ, ਮੁਖਤਿਆਰ ਸਿੰਘ, ਜੋਗਿੰਦਰ ਸਿੰਘ ਹਰਚੰਦਪੁਰੀ, ਮੁਰਾਰੀ ਲਾਲ ਸਿੰਗਲਾ ਅਤੇ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਬੋਲਦਿਆਂ ਸਰਕਾਰ ਵੱਲੋਂ ਲਟਕਦੀਆਂ ਮੰਗਾਂ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਪੇ ਕਮਿਸ਼ਨ ਦੀ ਰਿਪੋਰਟ, ਪੈਨਸ਼ਨਰ ਸਾਥੀਆਂ ਨੂੰ ਬਿਜਲੀ ਦਾ ਰਿਆਇਤ, 23 ਸਾਲਾ ਇਨਕਰੀਮੈਂਟ ਬਿਨਾਂ ਸ਼ਰਤ ਸੇਵਾਮੁਕਤ ਸਾਥੀਆਂ ਨੂੰ ਦੇਣ ਆਦਿ ਦਾ ਜਿਕਰ ਕੀਤਾ। ਉਨਾਂ ਕਿਹਾ ਕਿ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਅੜੀਅਲ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਪਾਵਰਕਾਮ ਦੇ ਪ੍ਰਬੰਧਕਾਂ ਨੇ ਮੁਲਾਜਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਧਰਨੇ ਮੁਜਾਹਰੇ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੁਰਅਮਨ ਕੀਤੇ ਜਾ ਰਹੇ ਮੁਜਾਹਰੇ ਵਿਚ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ ਗਈ।