ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਸਰਕਾਰ ਦੀ ਅਰਥੀ ਸਾੜ ਕੇ ਕੀਤਾ ਬਲਾਕ ਪੱਧਰੀ ਰੋਸ ਪ੍ਰਦਰਸ਼ਨ।

ਤਲਵੰਡੀ ਸਾਬੋ, 2 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਲਵੰਡੀ ਸਾਬੋ ਵੱਲੋਂ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਅੱਜ ਆਂਗਨਵਾੜੀ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖ਼ਿਲਾਫ਼ ਸਰਕਾਰ ਦੀ ਅਰਥੀ ਸਾੜ ਕੇ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੀ ਬਲਾਕ ਪ੍ਰਧਾਨ ਸਤਵੰਤ ਕੌਰ ਤੇ ਇੰਦਰਜੀਤ ਕੌਰ ਰਾਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦੇ ਰਹੀ ਜਿਸ ਕਰਕੇ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਗਭਗ ਇੱਕ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਕਰਮਵਾਰ 1500 ਰੁਪਏ ਅਤੇ 750 ਰੁਪਏ ਦੀ ਥਾਂ 450 ਰੁਪਏ ਹੀ ਦਿੱਤੇ ਤੇ ਆਪਣੇ ਹਿੱਸੇ ਦੇ ਪੈਸੇ ਨਹੀਂ ਦਿੱਤੇ ਪੋਸ਼ਣ ਅਭਿਆਨ ਦੇ ਪੈਸੇ ਵੀ ਪਿਛਲੇ ਦੋ ਸਾਲਾਂ ਤੋਂ ਨਹੀਂ ਦਿੱਤੇ ਗਏ ਹੋਰ ਵੀ ਕਈ ਫੰਡ ਰੋਕੇ ਹੋਏ ਹਨ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਰਾਹੀਂ ਵਿਭਾਗ ਦੀ ਮੰਤਰੀ ਅਤੇ ਡਾਇਰੈਕਟਰ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਸਰਕਾਰ ਦੇ ਨਾਮ ਮੰਗ ਪੱਤਰ ਭੇਜੇ ਗਏ ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ ਜਿਸ ਕਰਕੇ ਸੂਬੇ ਭਰ ਦੀਆਂ 54 ਹਜ਼ਾਰ ਵਰਕਰਾਂ ਤੇ ਹੈਲਪਰਾਂ ਵਿਚ ਗ਼ੁੱਸੇ ਦੀ ਲਹਿਰ ਹੈ। ਰੋਸ ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਚਾਰ ਵੱਡੀਆਂ ਰੋਸ ਰੈਲੀਆਂ ਉਨ੍ਹਾਂ ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ਹਨ ਜਿੱਥੇ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਹੋ ਰਹੀਆਂ ਹਨ ਇਹ ਰੈਲੀਆਂ ਜਲਾਲਾਬਾਦ, ਦਾਖਾ, ਫਗਵਾੜਾ ਤੇ ਮੁਕੇਰੀਆਂ ਵਿਖੇ ਕੀਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਬਾਰੇ ਦੱਸਿਆ ਜਾਵੇਗਾ। ਇਸ ਦੌਰਾਨ ਉੱਚ ਅਧਿਕਾਰੀਆਂ ਰਾਹੀਂ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਗਿਆ।ਇਸ ਮੌਕੇ ਸੁਰਜੀਤ ਕੌਰ ਬੰਗੀ, ਪਰਮਜੀਤ ਕੌਰ ਤਲਵੰਡੀ ਸਾਬੋ , ਬਲਵਿੰਦਰ ਕੌਰ ਜੱਜਲ, ਗੁਰਵਿੰਦਰ ਕੌਰ ਨਥੇਹਾ, ਅੰਮ੍ਰਿਤਪਾਲ ਕੌਰ ਬੰਗੀ, ਵੀਰਪਾਲ ਕੌਰ ਤਲਵੰਡੀ ਮਨਜੀਤ ਕੌਰ ਕਲਾਲਵਾਲਾ, ਕਰਮਜੀਤ ਕੌਰ ਲਾਲੇਆਣਾ, ਇੰਦਰਜੀਤ ਕੌਰ ਰਾਮਾਂ, ਮਨਜੀਤ ਕੌਰ ਸੀਂਗੋ, ਬਲਜੀਤ ਕੌਰ ਲਹਿਰੀ, ਬਲਜੀਤ ਕੌਰ ਜੱਜਲ, ਬਲਵਿੰਦਰ ਕੌਰ ਜਾਜਲ, ਸਵਰਨਜੀਤ ਕੌਰ ਸ਼ੇਖਪੁਰਾ, ਸੁਖਜੀਤ ਕੌਰ ਲਾ ਸਮੇਤ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।