ਪਟਿਆਲਾ,16 ਸਤੰਬਰ(ਪੀ.ਐਸ.ਗਰੇਵਾਲ) ਕੇਂਦਰੀ ਜੇਲ ਪਟਿਆਲਾ ਵਿਖੇ 9 ਸਤੰਬਰ ਤੋਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਇਆ ਜਾ ਰਿਹਾ ਸੱਤ ਰੋਜ਼ਾ ਯੋਗਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਪਹੁੰਚੇ ਜ਼ਿਲਾ ਤੇ ਸੈਸ਼ਨ ਜੱਜ-ਕਮ- ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਿੰਦਰ ਅਗਰਵਾਲ ਨੇ ਕਿਹਾ ਕਿ ਅਜਿਹੇ ਯੋਗਾ ਕੈਂਪ ਹਰੇਕ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿਚ ਸਹਾਈ ਹੁੰਦੇ ਹਨ ਇਸ ਨਾਲ ਜਿਥੇ ਸਰੀਰ ਨਿਰੋਗ ਰਹਿੰਦਾ ਹੈ ਉਥੇ ਹੀ ਮਾਨਸਿਕ ਤੌਰ ’ਤੇ ਵਿਅਕਤੀ ਮਜ਼ਬੂਤ ਹੁੰਦਾ ਹੈ। ਉਨਾਂ ਕਿਹਾ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਲਈ ਕੁਝ ਸਮਾਂ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਵੀ ਕੱਢਣਾ ਜ਼ਰੂਰੀ ਹੈ। ਇਸ ਮੌਕੇ ਉਨਾਂ ਦੇ ਨਾਲ ਸਿਵਲ ਜੱਜ ਸੀਨੀਅਰ ਡਵੀਜ਼ਨ ਸ੍ਰੀਮਤੀ ਤਰੀਪਤ ਜੋਤ ਕੌਰ ਵੀ ਮੌਜੂਦ ਸਨ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ ਪਰਮਿੰਦਰ ਕੌਰ ਨੇ ਯੋਗਾ ਕੈਂਪ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 9 ਸਤੰਬਰ ਤੋਂ ਲਗਾਏ ਗਏ ਇਸ ਸੱਤ ਰੋਜ਼ਾ ਕੈਂਪ ਵਿਚ 300 ਦੇ ਕਰੀਬ ਹਵਾਲਾਤੀਆਂ ਅਤੇ ਕੈਦੀਆਂ ਨੇ ਭਾਗ ਲਿਆ ਹੈ ਅਤੇ ਯੋਗਾ ਬਾਰੇ ਮਾਹਰ ਅਧਿਆਪਕ ਡਾ. ਚੰਦਰਕਾਂਤ ਮਿਸ਼ਰਾ ਨੇ ਕੈਂਪ ਵਿਚ ਹਿੱਸਾ ਲੈਣ ਵਾਲਿਆ ਨੂੰ ਯੋਗਾ ਦੇ ਇਤਿਹਾਸ ਅਤੇ ਯੋਗ ਦੇ ਵੱਖ-ਵੱਖ ਆਸਣਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੇਂਦਰੀ ਜੇਲ ਦੇ ਸੁਪਰਡੈਂਟ ਸ੍ਰੀ ਭੁਪਿੰਦਰ ਸਿੰਘ ਵਿਰਕ ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲਗਾਏ ਇਸ ਯੋਗਾ ਕੈਂਪ ਲਈ ਉਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਅਜਿਹੇ ਕੈਂਪਾਂ ਨਾਲ ਜਿਥੇ ਸਰੀਰ ਤੰਦਰੁਸਤ ਹੁੰਦਾ ਹੈ ਉਥੇ ਹੀ ਵਿਅਕਤੀ ਦੇ ਜੀਵਨ ਵਿਚ ਅਨੁਸ਼ਾਸਨ ਵੀ ਆਉਂਦਾ ਹੈ। ਉਨਾਂ ਕਿਹਾ ਕਿ ਅਜਿਹੇ ਯੋਗਾ ਕੈਂਪ ਭਵਿੱਖ ਵਿਚ ਵੀ ਲਗਾਏ ਜਾਣਗੇ।