ਤਿੰਨ ਸਾਲ ਬਾਅਦ ਮੁੜ ਉੱਡੇਗੀ ਚੰਡੀਗੜ੍ਹ-ਸ਼ਾਰਜਾਹ ਫਲਾਈਟ, 26 ਅਕਤੂਬਰ ਤੋਂ ਹੋਵੇਗੀ ਸ਼ੁਰੂ

ਤਿੰਨ ਸਾਲ ਬਾਅਦ ਮੁੜ ਉੱਡੇਗੀ ਚੰਡੀਗੜ੍ਹ-ਸ਼ਾਰਜਾਹ ਫਲਾਈਟ, 26 ਅਕਤੂਬਰ ਤੋਂ ਹੋਵੇਗੀ ਸ਼ੁਰੂ

ਤਿੰਨ ਸਾਲ ਦੇ ਵਕਫ਼ੇ ਮਗਰੋਂ ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਹਵਾਈ ਸੇਵਾ ਮੁੜ ਸ਼ੁਰੂ ਹੋਣ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਹ ਉਡਾਣ 26 ਅਕਤੂਬਰ ਤੋਂ ਸ਼ੁਰੂ ਹੋਵੇਗੀ। ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਇਸ ਸੇਵਾ ਦੀ ਬਹਾਲੀ ਨਾਲ ਟਰਾਈਸਿਟੀ ਵਾਸੀਆਂ ਨੂੰ ਯੂਏਈ ਜਾਣ ਲਈ ਇੱਕ ਹੋਰ ਸਿੱਧਾ ਹਵਾਈ ਰੂਟ ਮਿਲੇਗਾ।

ਹਫ਼ਤੇ ’ਚ ਚਾਰ ਦਿਨ ਚੱਲੇਗੀ ਨਾਨ-ਸਟਾਪ ਫਲਾਈਟ

ਇਹ ਨਾਨ-ਸਟਾਪ ਉਡਾਣ ਹਫ਼ਤੇ ਵਿੱਚ ਚਾਰ ਦਿਨ—ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ—ਚੱਲੇਗੀ। ਚੰਡੀਗੜ੍ਹ ਤੋਂ ਉਡਾਣ ਦੁਪਹਿਰ 1:50 ਵਜੇ ਰਵਾਨਾ ਹੋ ਕੇ ਸ਼ਾਮ 4:50 ਵਜੇ ਸ਼ਾਰਜਾਹ ਪਹੁੰਚੇਗੀ।

ਵਾਪਸੀ ਦੀ ਉਡਾਣ ਸ਼ਾਰਜਾਹ ਤੋਂ ਸ਼ਾਮ 5:50 ਵਜੇ ਚੱਲੇਗੀ ਅਤੇ ਰਾਤ 11:05 ਵਜੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ ਤੋਂ ਸ਼ਾਰਜਾਹ ਜਾਣ ਲਈ ਟਿਕਟ ਦਾ ਕਿਰਾਇਆ ਲਗਭਗ 18 ਹਜ਼ਾਰ ਰੁਪਏ ਦੱਸਿਆ ਜਾ ਰਿਹਾ ਹੈ, ਜਦਕਿ ਵਾਪਸੀ ਦੀ ਟਿਕਟ ਇਸ ਨਾਲੋਂ ਮਹਿੰਗੀ ਹੋਵੇਗੀ। ਉਡਾਣ ਦਾ ਸੰਚਾਲਨ ਏਅਰ ਇੰਡੀਆ ਐਕਸਪ੍ਰੈਸ ਵੱਲੋਂ ਕੀਤਾ ਜਾਵੇਗਾ।

27 ਅਕਤੂਬਰ 2023 ਨੂੰ ਬੰਦ ਹੋਈ ਸੀ ਸੇਵਾ

ਇਸ ਰੂਟ ’ਤੇ ਪਹਿਲਾਂ ਚੱਲ ਰਹੀ ਹਵਾਈ ਸੇਵਾ 27 ਅਕਤੂਬਰ 2023 ਨੂੰ ਬੰਦ ਹੋ ਗਈ ਸੀ। ਉਸ ਸਮੇਂ ਹਫ਼ਤੇ ਵਿੱਚ ਤਿੰਨ ਦਿਨ ਚੱਲਣ ਵਾਲੀ ਇਸ ਉਡਾਣ ਵਿੱਚ 180-180 ਸੀਟਾਂ ਵਾਲੇ ਜਹਾਜ਼ ਵਰਤੇ ਜਾਂਦੇ ਸਨ।

ਸੇਵਾ ਬੰਦ ਹੋਣ ਤੋਂ ਬਾਅਦ ਚੰਡੀਗੜ੍ਹ ਤੋਂ ਸ਼ਾਰਜਾਹ ਲਈ ਸਿੱਧੀ ਉਡਾਣ ਦੀ ਮੰਗ ਲਗਾਤਾਰ ਉਠਦੀ ਰਹੀ।

ਚੰਡੀਗੜ੍ਹ ਏਅਰਪੋਰਟ ਤੋਂ ਹੁਣ ਤਿੰਨ ਅੰਤਰਰਾਸ਼ਟਰੀ ਰੂਟ

ਸ਼ਾਰਜਾਹ ਸੇਵਾ ਮੁੜ ਸ਼ੁਰੂ ਹੋਣ ਨਾਲ ਚੰਡੀਗੜ੍ਹ ਹਵਾਈ ਅੱਡੇ ਤੋਂ ਹੁਣ ਤਿੰਨ ਅੰਤਰਰਾਸ਼ਟਰੀ ਰੂਟ ਹੋ ਜਾਣਗੇ। ਇਨ੍ਹਾਂ ਵਿੱਚ ਦੁਬਈ ਅਤੇ ਅਬੂ ਧਾਬੀ ਲਈ ਇੰਡੀਗੋ ਦੀਆਂ ਉਡਾਣਾਂ ਤੋਂ ਇਲਾਵਾ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈਸ ਦੀ ਸੇਵਾ ਸ਼ਾਮਲ ਹੈ।