ਐਤਵਾਰ 15 ਦਸੰਬਰ ਤੋਂ ਵਾਹਨਾਂ ਲਈ ਟੋਲ ਪਲਾਜਾ ਬੂਥਾਂ ‘ਤੇ ਫਾਸਟ ਟੈਗ ਲਾਜਮੀ ਕਰ ਦਿੱਤਾ ਗਿਆ ਹੈ l ਅੱਜ ਇਸ ਦੇ ਲਾਜ਼ਮੀ ਹੋਣ ਤੇ ਕਈ ਵਾਹਨਾਂ ਤੇ ਟੈਗ ਨਾ ਲੱਗਾ ਹੋਣ ਕਰਕੇ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ਨਾਲ ਯਾਤਰੂਆਂ ਦਾ ਕਾਫੀ ਸਮਾਂ ਬਰਬਾਦ ਹੋਇਆ ਅਤੇ ਆਮ ਜਨਤਾ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ l ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਦੀ ਸੁਵਿਧਾਨ ਲਈ ਟੋਲ ਪਲਾਜ਼ਾ ਬੂਥਾਂ ਉੱਤੇ ਇਲੈੱਕਟ੍ਰਾਨਿਕ ਟੋਲ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਫਾਸਟ ਟੈਗ ਸਿਸਟਮ 15 ਦਸੰਬਰ ਤੋਂ ਪੂਰੇ ਭਾਰਤ ਦੇ ਟੋਲ ਪਲਾਜ਼ਾ ਬੂਥਾਂ ਤੇ ਲਾਜ਼ਮੀ ਹੋ ਗਿਆ ਹੈ । ਭਾਰਤ ਸਰਕਾਰ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਹੁਣ ਸਾਰੇ ਨੈਸ਼ਨਲ ਹਾਈਵੇਅਜ਼ ‘ਤੇ ਫਾਸਟੈਗ ਦੇ ਜ਼ਰੀਏ ਹੀ ਟੋਲ ਫ਼ੀਸ ਭਰੀ ਜਾ ਸਕੇਗੀ । ਜੇਕਰ ਕੋਈ ਫਾਸਟ ਟੈਗ ਨਹੀਂ ਲਗਵਾਉਂਦੇ ਤਾਂ ਉਸਨੂੰ ਦੁੱਗਣਾ ਟੋਲ ਅਦਾ ਕਰਨਾ ਪਵੇਗਾ, ਪਰ ਵਡੀ ਮਾਤਰਾ ਵਿਚ ਆਮ ਜਨਤਾ ਵਲੋਂ ਹਜੇ ਤੱਕ ਆਪਣੀਆਂ ਗੱਡੀਆਂ ‘ਤੇ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਫਾਸਟ ਟੈਗ ਨਹੀਂ ਲਗਵਾਇਆ ਗਿਆ । ਇਸ ਕਰਕੇ ਟੋਲ ਪਲਾਜ਼ਾ ਬੂਥਾਂ ‘ਤੇ ਨਕਦ ਭੁਗਤਾਨ ਦੀ ਸਿਰਫ਼ ਇੱਕ ਹੀ ਲਾਈਨ ਚਲਾਈ ਜਾ ਰਹੀ ਹੈ ਜਿਸ ਕਰਕੇ ਲਾਈਨ ਵਿਚ ਗੱਡੀਆਂ ਦੀਆਂ ਦੂਰ-ਦੂਰ ਤੱਕ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ । ਫਾਸਟ ਟੈਗ ਲਗਾਉਣ ਨਾਲ ਵਾਹਨ ਚਾਲਕਾਂ ਦਾ ਕਾਫੀ ਸਮਾਂ ਬਚਦਾ ਹੈ ਅਤੇ ਟੋਲ ਪਲਾਜ਼ਾ ਤੇ ਫੀਸ ਭਰਨ ਲਗਿਆ ਖੁਲੇ ਪੈਸੇ ਨਾਂ ਹੋਣ ਦੀ ਸੂਰਤ ਵਿਚ ਹੋਣ ਵਾਲੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ l