ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੋਮਵਾਰ ਸਵੇਰੇ 11 ਵਜੇ ਆਪਣੇ ਤੈਅ ਸਮੇਂ 'ਤੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਪੱਤਰਕਾਰ ਜੋਗਿੰਦਰ ਸਿੰਘ ਪੁਆਰ, ਪ੍ਰਸਿੱਧ ਵਿਗਿਆਨੀ ਤੇ ਲੇਖਕ ਕੁਲਦੀਪ ਸਿੰਘ ਧੀਰ, ਸੰਗੀਤਕਾਰ ਕੇਸਰ ਸਿੰਘ ਨਰੂਲਾ, ਕਾਮਰੇਡ ਬਲਵਿੰਦਰ ਸਿੰਘ ਤੇ ਕਿਸਾਨ ਸੰਘਰਸ਼ ਦੌਰਾਨ ਮਰੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਦਨ 'ਚ ਇਸ ਗੱਲ 'ਤੇ ਹੰਗਾਮਾ ਚੱਲ ਰਿਹਾ ਹੈ ਕਿ ਖੇਤੀਬਾਡ਼ੀ ਕਾਨੂੰਨ ਰੋਕਣ ਲਈ ਸਰਕਾਰ ਜਿਹੜਾ ਬਿੱਲ ਲਿਆ ਰਹੀ ਹੈ, ਉਸ ਦੀ ਕਾਪੀ ਮੈਂਬਰਾਂ ਨੂੰ ਨਹੀਂ ਮਿਲੀ ਹੈ। ਇਸ 'ਤੇ ਸੰਸਦੀ ਕਾਰਜ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਤਕ ਸਾਰੇ ਮੈਂਬਰਾਂ ਨੂੰ ਕਾਪੀ ਭੇਜ ਦਿੱਤੀ ਜਾਵੇਗੀ। ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਾਰਾ ਪੰਜਾਬ ਵਿਧਾਨ ਸਭਾ ਵੱਲ ਦੇਖ ਰਿਹਾ ਹੈ। ਜਾਂ ਤਾਂ ਸਰਕਾਰ ਦੁਚਿੱਤੀ 'ਚ ਫਸੀ ਹੈ ਜਾਂ ਉਸ ਨੂੰ ਸਪੱਸ਼ਟ ਨਹੀਂ ਹੈ। ਸਦਨ ਕੱਲ੍ਹ 10 ਵਜੇ ਤਕ ਲਈ ਮੁਲਤਵੀ ਹੋ ਗਿਆ ਹੈ। ਦੂਸਰੇ ਪਾਸੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਤੇ ਸੁਖਪਾਲ ਭੁੱਲਰ ਖੁਦ ਟਰੈਕਟਰ ਚਲਾ ਕੇ ਵਿਧਾਨ ਸਭਾ ਪੁੱਜੇ। ਬਿਕਰਮ ਮਜੀਠੀਆ ਵੀ ਟਰੈਕਟਰ 'ਤੇ ਪੁੱਜੇ। ਚੰਡੀਗੜ੍ਹ ਪੁਲਿਸ ਨੇ ਟਰੈਕਟਰ 'ਤੇ ਆਉਣ ਵਾਲੇ ਵਿਧਾਇਕਾਂ ਨੂੰ ਵਿਧਾਨ ਸਭਾ ਚੌਕ 'ਚ ਹੀ ਰੋਕ ਲਿਆ। ਮਜੀਠੀਆ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸਦਨ 'ਚ ਆ ਰਹੇ ਹਾਂ। ਸਰਕਾਰ ਜਾਣ ਬੁੱਝ ਕੇ ਰੋਕ ਰਹੀ ਹੈ। ਆਮ ਆਦਮੀ ਪਾਰਟੀ ਦੇ ਆਗੂ ਤੇ ਕਾਰਕੁੰਨ ਕਾਲੇ ਕੱਪੜੇ ਪਹਿਨ ਕੇ ਸਦਨ ਪੁੱਜੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਆਪਣਾ ਵਿਰੋਧ ਦਰਜ ਕਰਵਾਇਆ।