ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।

ਤਲਵੰਡੀ ਸਾਬੋ, 23 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਭਾਜਪਾ ਗਠਜੋੜ ਨੂੰ ਵੋਟਾਂ ਪਾਉਣ ਵਾਲੇ ਲੋਕਾਂ ਅਤੇ ਉਮੀਦਵਾਰਾਂ ਦੇ ਹੱਕ ਵਿੱਚ ਦਿਨ ਰਾਤ ਧੂੰਆਂਧਾਰ ਪ੍ਰਚਾਰ ਕਰਨ ਵਾਲੇ ਅਕਾਲੀ ਭਾਜਪਾ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਧੰਨਵਾਦ ਕੀਤਾ ਹੈ। ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਾਬਕਾ ਵਿਧਾਇਕ ਨੇ ਕਿਹਾ ਕਿ ਭਾਂਵੇ ਚੋਣ ਨਤੀਜਿਆਂ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋ ਉਮੀਦਵਾਰਾਂ ਨੂੰ ਹੀ ਜੇਤੂ ਕਰਾਰ ਦਿੱਤਾ ਪ੍ਰੰਤੂ ਖੁਦ ਕਾਂਗਰਸੀ ਇਹ ਭਲੀਭਾਂਤ ਜਾਣਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਿੰਨੀਆਂ ਸੀਟਾਂ ਜਿੱਤਦੇ ਸਨ ਤੇ ਉਨਾਂ ਨੇ ਗਿਣਤੀ ਕੇਂਦਰ ਵਿੱਚ ਕੋਲ ਬੈਠ ਕੇ ਕਿੰਨੀਆਂ ਸੀਟਾਂ ਤੇ ਧੱਕਾ ਕੀਤਾ। ਸਿੱਧੂ ਨੇ ਕਿਹਾ ਕਿ ਭਾਂਵੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵਿਰੋਧੀਆਂ ਨੇ ਮਾਹੌਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਪਰ ਫਿਰ ਵੀ ਵੱਡੀ ਗਿਣਤੀ ਪਿੰਡਾਂ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਈਆਂ ਜਿਸ ਦੇ ਉਹ ਹਮੇਸ਼ਾਂ ਰਿਣੀ ਰਹਿਣਗੇ।ਉਨਾਂ ਨੇ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਸਮੂਹ ਵਰਕਰਾਂ ਨੇ ਜੀਅ ਜਾਨ ਨਾਲ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਅੰਤ ਤੱਕ ਉਹ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਡਟੇ ਰਹੇ ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ। ਉਨਾਂ ਨੇ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਵਰਕਰਾਂ ਨੇ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹਲਕੇ ਵਿੱਚੋਂ ਕਰੜੀ ਟੱਕਰ ਦਿੱਤੀ ਹੈ ਅਜਿਹਾ ਹੀ ਦੌਰ ਲੋਕ ਸਭਾ ਚੋਣਾਂ ਵਿੱਚ ਜਾਰੀ ਰੱਖਾਂਗੇ ਤੇ ਵਿਧਾਨ ਸਭਾ ਚੋਣਾਂ ਤੱਕ ਮੁਹਿੰਮ ਨੂੰ ਤੂਫਾਨੀ ਰੂਪ ਦਿੰਦਿਆਂ ਅਗਲੀ ਅਕਾਲੀ ਭਾਜਪਾ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਹੋਂਦ ਵਿੱਚ ਲੈ ਕੇ ਆਂਵਾਗੇ।ਉਨਾਂ ਨੇ ਮੌਜੂਦਾ ਚੋਣ ਨਤੀਜਿਆਂ ਤੋਂ ਵਰਕਰਾਂ ਨੂੰ ਮਾਯੂਸ ਨਾ ਹੋਣ ਦੀ ਅਪੀਲ ਕਰਦਿਆਂ ਸਗੋਂ ਹੌਂਸਲਾ ਦਿੱਤਾ ਕਿ ਵਿਧਾਨ ਸਭਾ ਚੋਣਾਂ ਦੇ ਮੁਕਾਬਲਤਨ ਉਨਾਂ ਨੇ ਵਧੀਆ ਵੋਟਾਂ ਹਾਸਿਲ ਕੀਤੀਆਂ ਹਨ ਤੇ ਉਨਾਂ ਨੂੰ ਹੁਣੇ ਤੋਂ ਲੋਕ ਸਭਾ ਚੋਣਾਂ ਲਈ ਡਟ ਜਾਣਾ ਚਾਹੀਦਾ ਹੈ।