Diljit Dosanjh Indore Concert: ‘ਕੋਈ ਜੋ ਮਰਜ਼ੀ ਬੋਲੇ, ਮੈਂ 101 ਫੀਸਦੀ ਆ ਰਿਹਾ ਹਾਂ’, ਕੰਸਰਟ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਦਿਲਜੀਤ ਦਾ ਜਵਾਬ

Diljit Dosanjh Indore Concert: ‘ਕੋਈ ਜੋ ਮਰਜ਼ੀ ਬੋਲੇ, ਮੈਂ 101 ਫੀਸਦੀ ਆ ਰਿਹਾ ਹਾਂ’, ਕੰਸਰਟ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਦਿਲਜੀਤ ਦਾ ਜਵਾਬ

Diljit Dosanjh Indore Concert: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਦੌਰ ਵਿੱਚ ਆਪਣੇ ਆਗਾਮੀ ਕੰਸਰਟ ਦੇ ਰੱਦ ਹੋਣ ਦੀਆਂ ਅਫ਼ਵਾਹਾਂ ’ਤੇ ਵਿਰਾਮ ਲਗਾਉਂਦਿਆਂ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ 15 ਨਵੰਬਰ ਨੂੰ ਇੰਦੌਰ ਜ਼ਰੂਰ ਪਹੁੰਚਣਗੇ। ਇੰਸਟਾਗ੍ਰਾਮ ਲਾਈਵ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ 101 ਫੀਸਦੀ ਕੰਸਰਟ ਲਈ ਆ ਰਹੇ ਹਨ।

ਦਿਲਜੀਤ ਨੇ ਕਿਹਾ, "15 ਤਾਰੀਖ਼ ਕੋ ਇੰਦੌਰ ਆ ਰਹੇ ਹੈਂ, 101 ਪਰਸੈਂਟ ਆ ਰਹੇ ਹੈਂ! ਸਬਸੇ ਪਹਿਲੇ ਆਕਰ ਪੋਹਾ ਖਾਏਂਗੇ, ਫਿਰ ਐਨਰਜੀ ਲੇਕਰ ਫਿਰ ਚੱਕ ਦੇ ਫੱਟੇ।" ਉਨ੍ਹਾਂ ਅੱਗੇ ਕਿਹਾ, "ਕੋਈ ਜੋ ਮਰਜ਼ੀ ਬੋਲੇ, ਮੈਂ 15 ਤਾਰੀਖ਼ ਕੋ ਜ਼ਰੂਰ ਮਿਲੂੰਗਾ। ਆਪ ਬਸ ਮੇਰੀ ਬਾਤ ਪਰ ਵਿਸ਼ਵਾਸ ਰੱਖੋ।"

ਦਿਲਜੀਤ ਦਾ ਆਗਾਮੀ ਇੰਦੌਰ ਕੰਸਰਟ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਚਰਚਾ ਵਿੱਚ ਆ ਗਿਆ ਸੀ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਬੰਧਕਾਂ ਅਤੇ ਸਮਾਗਮ ਵਾਲੀ ਥਾਂ ਦੇ ਅਧਿਕਾਰੀਆਂ ਨੂੰ ਅਜਿਹੇ ਗਾਣੇ ਨਾ ਗਾਉਣ ਦੀ ਹਦਾਇਤ ਦਿੱਤੀ ਗਈ ਹੈ, ਜਿਨ੍ਹਾਂ ਦਾ ਬੱਚਿਆਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਨਸ਼ੇ, ਸ਼ਰਾਬ ਅਤੇ ਹਥਿਆਰਾਂ ਨੂੰ ਬੜਾਵਾ ਦੇਣ ਵਾਲੇ ਗੀਤਾਂ ਬਾਰੇ ਹਦਾਇਤ

ਇਨ੍ਹਾਂ ਹਦਾਇਤਾਂ ਬਾਰੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਰਜਨੀਸ਼ ਸਿਨਹਾ ਨੇ ਕਿਹਾ, "...21 ਬਿਜ਼ਨਸ ਪਾਰਕ ਵਿਖੇ 15 ਨਵੰਬਰ ਨੂੰ ਦਿਲਜੀਤ ਦੋਸਾਂਝ ਦਾ ਇੱਕ ਕੰਸਰਟ ਹੋਣਾ ਤੈਅ ਹੈ। ਸਾਨੂੰ ਚੰਡੀਗੜ੍ਹ ਤੋਂ ਨਸ਼ਿਆਂ, ਸ਼ਰਾਬ ਜਾਂ ਹਥਿਆਰਾਂ ਨੂੰ ਬੜਾਵਾ ਦੇਣ ਵਾਲੇ ਗਾਣਿਆਂ ਸਬੰਧੀ ਇੱਕ ਪੱਤਰ ਮਿਲਿਆ ਸੀ... ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਅਸੀਂ ਪ੍ਰਬੰਧਕਾਂ ਨੂੰ ਲਿਖ ਕੇ ਅਜਿਹੇ ਗਾਣੇ ਨਾ ਗਾਏ ਜਾਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ, ਕਿਉਂਕਿ ਇਹ ਬੱਚਿਆਂ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ..."

30 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਕੀਤਾ ਸੀ ਔਰਾ ਟੂਰ

30 ਅਕਤੂਬਰ ਨੂੰ ਦਿਲਜੀਤ ਦੋਸਾਂਝ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਖਚਾਖਚ ਭਰੇ ਸ਼ੋਅ ਨਾਲ ਆਪਣੇ 'ਔਰਾ ਟੂਰ' (Aura Tour) ਦੇ ਭਾਰਤੀ ਗੇੜ ਦੀ ਸ਼ੁਰੂਆਤ ਕੀਤੀ ਸੀ।

ਇਸ ਦੌਰਾਨ ਦਿਲਜੀਤ ਨੇ 'ਜੀ.ਓ.ਏ.ਟੀ.' (G.O.A.T.), 'ਇੱਕ ਕੁੜੀ', 'ਲਲਕਾਰਾ', 'ਇਸ਼ਕ ਦੀ ਬਾਜ਼ੀਆਂ', 'ਨੈਣਾ' ਅਤੇ 'ਕਿੰਨੀ ਕਿੰਨੀ' ਸਮੇਤ ਆਪਣੇ ਕਈ ਮਕਬੂਲ ਗੀਤ ਪੇਸ਼ ਕੀਤੇ। ਉਨ੍ਹਾਂ ਨੇ 'ਕੇਸ', 'ਪੰਜਤਾਰਾ', 'ਹੱਸ ਹੱਸ' ਅਤੇ 'ਵਾਟਰ' ਵਰਗੇ ਗੀਤਾਂ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਸ਼ਾਮ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪਲਾਂ ਵਿੱਚੋਂ ਇੱਕ ਉਸ ਸਮੇਂ ਆਇਆ ਜਦੋਂ ਦਿਲਜੀਤ ਨੇ 'ਸਾਂਸੋਂ ਕੀ ਮਾਲਾ' ਗਾਇਆ। ਇਸ ਗੀਤ ਨੂੰ ਸੁਣ ਕੇ ਉੱਥੇ ਮੌਜੂਦ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ।