ਚੰਡੀਗੜ੍ਹ ਵਿੱਚ 4 ਨਵੰਬਰ ਨੂੰ ਹੋਵੇਗਾ ‘ਜ਼ਖ਼ਮ 84 ਦੇ’ ਸੰਮੇਲਨ, ਹਰਿਆਣਾ ਦੇ CM ਨਾਇਬ ਸਿੰਘ ਸੈਣੀ ਕਰਨਗੇ ਸ਼ਿਰਕਤ
- ਪੰਜਾਬ
- (Asia/Kolkata)
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੀਤਾ ਐਲਾਨ; ਰਵੀ ਸ਼ੰਕਰ ਪ੍ਰਸਾਦ ਅਤੇ ਐੱਚ.ਐੱਸ. ਫੂਲਕਾ ਵੀ ਹੋਣਗੇ ਸ਼ਾਮਲ
ਪੰਜਾਬ ਭਾਜਪਾ ਵੱਲੋਂ 4 ਨਵੰਬਰ ਨੂੰ ਚੰਡੀਗੜ੍ਹ ਵਿਖੇ ‘ਜ਼ਖ਼ਮ 84 ਦੇ’ ਨਾਮ ਹੇਠ ਸੰਮੇਲਨ ਕਰਵਾਇਆ ਜਾਵੇਗਾ। ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨਿੱਚਰਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਮੇਲਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਦਰਦ ਅਤੇ ਉਨ੍ਹਾਂ ਦੇ ਸੰਘਰਸ਼ ਬਾਰੇ ਜਾਣੂ ਕਰਵਾਉਣਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚਾਰ ਦਹਾਕਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕਤਲੇਆਮ ਦੇ ਜ਼ਖ਼ਮ ਅਜੇ ਵੀ ਨਹੀਂ ਭਰੇ ਹਨ। ਉਨ੍ਹਾਂ ਮੁਤਾਬਕ, ਇਸ ਸਮਾਗਮ ਰਾਹੀਂ ਨੌਜਵਾਨਾਂ ਨੂੰ ਕਤਲੇਆਮ ਦੇ ਸੱਚ, ਪੀੜਤਾਂ ਦੇ ਸੰਘਰਸ਼, ਇਨਸਾਫ਼ ਲਈ ਦਹਾਕਿਆਂ ਤੱਕ ਚੱਲੀ ਲੜਾਈ ਅਤੇ ਮੁੜ ਵਸੇਬੇ ਦੇ ਯਤਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਤਸਵੀਰਾਂ ਅਤੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਨਾਲ ਹੋਵੇਗੀ ਸ਼ੁਰੂਆਤ
ਸੰਮੇਲਨ ਦੀ ਸ਼ੁਰੂਆਤ 1984 ਦੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਅਤੇ ਅਹਿਮ ਦਸਤਾਵੇਜ਼ਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਨਾਲ ਹੋਵੇਗੀ। ਇਸ ਤੋਂ ਬਾਅਦ ਉਦਘਾਟਨੀ ਸੈਸ਼ਨ ਸਮੇਤ ਚਾਰ ਹੋਰ ਅਹਿਮ ਸੈਸ਼ਨ ਕਰਵਾਏ ਜਾਣਗੇ। ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਉਦਘਾਟਨੀ ਭਾਸ਼ਣ ਦੇਣਗੇ। ਉਨ੍ਹਾਂ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਸੱਜਣ ਕੁਮਾਰ ਕੇਸ ਦੌਰਾਨ ਪੀੜਤਾਂ ਦੀ ਨੁਮਾਇੰਦਗੀ ਕੀਤੀ ਸੀ।
ਕਤਲੇਆਮ ਅਤੇ ਇਨਸਾਫ਼ ਦੀ ਲੜਾਈ ’ਤੇ ਹੋਵੇਗੀ ਚਰਚਾ
ਪਹਿਲਾ ਸੈਸ਼ਨ ‘ਕਤਲੇਆਮ ਕਦੋਂ ਅਤੇ ਕਿਵੇਂ ਹੋਇਆ?’ ਵਿਸ਼ੇ ’ਤੇ ਹੋਵੇਗਾ, ਜਿਸ ਵਿੱਚ ਪੀੜਤ ਆਪਣੇ ਤਜਰਬੇ ਸਾਂਝੇ ਕਰਨਗੇ। ਦੂਜਾ ਸੈਸ਼ਨ ‘ਕੀ ਕਤਲੇਆਮ ਇੱਕ ਸਾਜ਼ਿਸ਼ ਸੀ?’ ਵਿਸ਼ੇ ’ਤੇ ਕੇਂਦਰਿਤ ਹੋਵੇਗਾ। ਇਸ ਵਿੱਚ ਪੀੜਤਾਂ ਲਈ ਲੰਮੀ ਕਾਨੂੰਨੀ ਲੜਾਈ ਲੜਨ ਵਾਲੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਸ਼ਾਮਲ ਹੋਣਗੇ। ਤੀਜੇ ਸੈਸ਼ਨ ਦਾ ਵਿਸ਼ਾ ‘ਇਨਸਾਫ਼ ਦਾ ਕਤਲ’ ਹੋਵੇਗਾ। ਇਸ ਦੌਰਾਨ ਪੀੜਤਾਂ ਨੂੰ ਇਨਸਾਫ਼ ਨਾ ਮਿਲਣ, ਸਬੂਤ ਨਸ਼ਟ ਕਰਨ ਅਤੇ ਮੁਲਜ਼ਮਾਂ ਨੂੰ ਮਿਲੀ ਕਥਿਤ ਸਿਆਸੀ ਸਰਪ੍ਰਸਤੀ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਚੌਥਾ ਸੈਸ਼ਨ ‘ਦੋਸ਼ੀਆਂ ਨੂੰ ਸਜ਼ਾ: ਭਾਜਪਾ ਦੇ ਯਤਨ’ ਵਿਸ਼ੇ ’ਤੇ ਹੋਵੇਗਾ, ਜਿਸ ਵਿੱਚ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ’ਤੇ ਹੋਵੇਗਾ ਅੰਤਿਮ ਸੈਸ਼ਨ
ਸੰਮੇਲਨ ਦਾ ਅੰਤਲਾ ਸੈਸ਼ਨ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ’ਤੇ ਕੇਂਦਰਿਤ ਹੋਵੇਗਾ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰਨਗੇ। ਉਹ ਭਾਜਪਾ ਸਰਕਾਰਾਂ ਵੱਲੋਂ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀਤੀਆਂ ਪਹਿਲਕਦਮੀਆਂ ਦੇ ਵੇਰਵੇ ਸਾਂਝੇ ਕਰਨਗੇ।