ਜਨਮ‑ਦਿਨ ’ਤੇ ਵਿਸ਼ੇਸ਼ :- ਦੋਰਾਹਾ ਇਲਾਕੇ ਦੀ ਉੱਘੀ ਸੂਝਵਾਨ ਤੇ ਸਮਾਜਸੇਵੀ ਸ਼ਖ਼ਸੀਅਤ ਡਾ. ਈਸ਼ਵਰ ਸਿੰਘ ਨੂੰ ਯਾਦ ਕਰਦਿਆਂ

ਜਨਮ‑ਦਿਨ ’ਤੇ ਵਿਸ਼ੇਸ਼ :- ਦੋਰਾਹਾ ਇਲਾਕੇ ਦੀ ਉੱਘੀ ਸੂਝਵਾਨ ਤੇ ਸਮਾਜਸੇਵੀ ਸ਼ਖ਼ਸੀਅਤ ਡਾ. ਈਸ਼ਵਰ ਸਿੰਘ ਨੂੰ ਯਾਦ ਕਰਦਿਆਂ

ਦੋਰਾਹਾ :30 ਅਗਸਤ, ( ਅਮਰੀਸ਼ ਆਨੰਦ) ਕਾਦਰ ਦੀਆਂ ਸਿਰਜੀਆਂ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਹੜੀਆਂ ਆਪਣੇ ਦੈਵੀ ਗੁਣਾਂ ਸਦਕਾ ਲੋਕਾਂ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਲਈ ਲੋਕ ਕਲਿਆਣ ਦੀ ਭਾਵਨਾ ਨਾਲ਼ ਆਪਣਾ ਸਾਰਾ ਜੀਵਨ ਸਮਾਜ ਨੂੰ ਸਮਰਪਿਤ ਕਰ ਦਿੰਦੀਆਂ ਹਨ। ਦੋਰਾਹਾ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਸੰਸਥਾਪਕ ਪ੍ਰਧਾਨ ਡਾ. ਈਸ਼ਵਰ ਸਿੰਘ ਮਲਹਾਂਸ ਜੀ ਅਜਿਹੀ ਹੀ ਪ੍ਰਤਿਭਾ ਦੇ ਮਾਲਕ ਸਨ। ਆਪ ਇੱਕ ਸਫ਼ਲ ਡਾਕਟਰ ਹੋਣ ਦੇ ਨਾਲ਼‑ਨਾਲ਼ ਸੂਝਵਾਨ ਸਿੱਖਿਆ ਸ਼ਾਸਤਰੀ, ਉੱਘੇ ਸਮਾਜ‑ਸੇਵੀ, ਸਰਗਰਮ ਸਿਆਸਤਦਾਨ ਅਤੇ ਸੁਲਝੇ ਹੋਏ ਇਨਸਾਨ ਸਨ।ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਡਾ. ਈਸ਼ਵਰ ਸਿੰਘ ਦੇ ਜਨਮ‑ਦਿਹਾੜੇ ’ਤੇ ਉਹਨਾਂ ਨੂੰ ਯਾਦ ਕਰਦਿਆਂ ਸਮਾਜ ਸੇਵਾ ਪ੍ਰਤਿ ਉਹਨਾਂ ਦੇ ਸਮਰਪਣ ਅਤੇ ਯੋਗਦਾਨ ਨੂੰ ਨਮਨ ਕਰਦਾ ਹੈ।ਡਾ. ਈਸ਼ਵਰ ਸਿੰਘ ਦਾ ਜਨਮ 31 ਅਗਸਤ, 1921 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਅਲੂਣਾ ਤੋਲਾ ਵਿਖੇ ਕਾਨੂੰਗੋ ਰਹੇ ਜ਼ੈਲਦਾਰ ਸ. ਪਾਲਾ ਸਿੰਘ ਦੇ ਸਪੁੱਤਰ ਡਾ. ਰਣਧੀਰ ਸਿੰਘ ਦੇ ਘਰ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ। 10ਵੀਂ ਤੱਕ ਦੀ ਮੁੱਢਲੀ ਵਿੱਦਿਆ ਦਿੱਲੀ, ਨਸਰਾਲੀ ਅਤੇ ਕਰਤਾਰਪੁਰ ਤੋਂ ਪ੍ਰਾਪਤ ਕਰਨ ਉਪਰੰਤ ਆਪ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ਼. ਐੱਸ. ਸੀ. ਪਾਸ ਕਰਕੇ 1945 ਵਿੱਚ ਸਰਕਾਰੀ ਮੈਡੀਕਲ ਕਾਲਜ ਲਾਹੌਰ ਤੋਂ ਡਾਕਟਰੀ ਦੀ ਉੱਚ ਵਿੱਦਿਆ ਹਾਸਿਲ ਕੀਤੀ। 1945 ਵਿੱਚ ਹੀ ਆਪ ਦਾ ਵਿਆਹ ਬੀਬੀ ਭਗਵੰਤ ਕੌਰ ਨਾਲ਼ ਹੋਇਆ ਜਿਹੜੇ ਐੱਸ. ਜੀ. ਪੀ. ਸੀ. ਦੇ ਉਪ‑ਪ੍ਰਧਾਨ ਰਹੇ ਸਵ. ਗੁਰਬਖ਼ਸ਼ ਸਿੰਘ ਮਾਂਗਟ ਕਟਾਣੀ ਦੀ ਧੀ, ਪੰਡਤ ਜਵਾਹਰ ਲਾਲ ਨਹਿਰੂ ਦੀ ਵਜ਼ਾਰਤ ਦੇ ਰੱਖਿਆ ਮੰਤਰੀ ਸਵ. ਬਲਦੇਵ ਸਿੰਘ ਦੀ ਭਾਣਜੀ ਅਤੇ ਟਾਟਾ ਨਗਰ ਦੇ ਉੱਘੇ ਉਦਯੋਗਪਤੀ ਸ. ਇੰਦਰ ਸਿੰਘ ਦੀ ਦੋਹਤੀ ਹੋਣ ਦੇ ਨਾਤੇ ਨਾਮਵਰ ਤੇ ਸਮਾਜਸੇਵੀ ਘਰਾਣੇ ਨਾਲ਼ ਸੰਬੰਧ ਰੱਖਦੇ ਸਨ। ਆਪ ਨੇ ਦਇਆਨੰਦ ਮੈਡੀਕਲ ਸਕੂਲ ਲੁਧਿਆਣਾ ਵਿੱਚ ਹਾਊਸ ਸਰਜਨ ਰਹਿਣ ਉਪਰੰਤ 1947 ਤੱਕ ਲੇਡੀ ਇਰਵਿਨ ਹਸਪਤਾਲ ਦਿੱਲੀ ਵਿਖੇ ਸੇਵਾ ਨਿਭਾਈ। ਇਸ ਉਪਰੰਤ ਫ਼ਸਾਦਾਂ ਕਾਰਨ ਮੱਲੀਪੁਰ ਪਿੰਡ ਵਿੱਚ ਆ ਕੇ ਦੋਰਾਹਾ ਮੰਡੀ ਵਿੱਚ ਅਜਿਹੇ ਟਿਕੇ ਕਿ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੱਕ ਲੋਕਾਂ ਨੂੰ ਇੱਥੇ ਰੋਗ‑ਮੁਕਤ ਕਰਦੇ ਰਹੇ। ਇਸ ਤੋਂ ਇਲਾਵਾ ਆਪ ਨੇ ਨਗਰ ਕੌਂਸਲ ਦੋਰਾਹਾ ਦੀ 45 ਸਾਲ ਮੈਂਬਰੀ, ਉਪ‑ਪ੍ਰਧਾਨਗੀਤੇ ਪ੍ਰਧਾਨਗੀ ਕੀਤੀ, ਪ੍ਰਾਈਵੇਟ ਐਫ਼ਲੀਏਟਿਡ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਫ਼ੈਡਰੇਸ਼ਨ ਦੀ ਵਾਗਡੋਰ ਸੰਭਾਲੀ ਅਤੇ ਸਰਗਰਮ ਸਿਆਸਤ ਵਿੱਚ ਭਾਗ ਲੈ ਕੇ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟਦਿਆਂ ਸਮਾਜ ਸੇਵਾ ਪ੍ਰਤਿ ਪੂਰਨ ਵਫ਼ਾਦਾਰੀ ਨਿਭਾਈ। ਡਾ. ਈਸ਼ਵਰ ਸਿੰਘ ਜੀ ਦੀ ਸਭ ਤੋਂ ਵੱਡੀ ਦੇਣ ਦੋਰਾਹਾ ਵਿੱਚ ਵਿੱਦਿਅਕ ਅਦਾਰੇ ਕਾਇਮ ਕਰਨੇ ਹਨ। ਇੱਕ ਸੁਹਿਰਦ ਸ਼ਖ਼ਸੀਅਤ ਅਤੇ ਸੂਝਵਾਨ ਸਿੱਖਿਆ ਚਿੰਤਕ ਹੋਣ ਕਾਰਨ ਆਪ ਨੇ ਇਲਾਕੇ ਵਿੱਚ ਨੌਜਵਾਨ ਵਿਦਿਆਰਥੀਆਂ ਅਤੇ ਖ਼ਾਸ ਤੌਰ ’ਤੇ ਲੜਕੀਆਂ ਨੂੰ ਵਿੱਦਿਆ ਪ੍ਰਾਪਤ ਕਰਨ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ ਮਹਿਸੂਸ ਕੀਤਾ। ਵਿੱਦਿਆਰਥੀਆਂ ਨੂੰ ਉੱਚ‑ਸਿੱਖਿਆ ਮੁਹੱਈਆ ਕਰਵਾਉਣ ਲਈ ਆਪ ਦੇ ਵਿਸ਼ੇਸ਼ ਯਤਨਾਂ ਨਾਲ਼ ਇਲਾਕੇ ਵਿੱਚ ਕਈ ਵਿੱਦਿਅਕ ਸੰਸਥਾਵਾਂ ਹੋਂਦ ਵਿੱਚ ਆਈਆਂ ਜਿਹਨਾਂ ਵਿੱਚੋਂ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾਇਲਾਕੇ ਦੀ ਨਾਮਵਰ ਸੰਸਥਾ ਹੈ। ਸਾਬਕਾ ਮੁੱਖ ਮੰਤਰੀਆਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਬੇਅੰਤ ਸਿੰਘ ਨੇ ਦੋਰਾਹਾ ਦੇ ਇਸ ਕਾਲਜ ਨੂੰ ਸਥਾਪਿਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਡਾ. ਈਸ਼ਵਰ ਸਿੰਘ ਦੀ ਅਗਵਾਈ ਵਿੱਚ ਪਿੰਡ ਅਲੂਣਾ ਵਿਖੇ 1971 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਨਾਲ਼ ਇੱਕ ਮੀਟਿੰਗ ਹੋਈ ਜਿਸ ਵਿੱਚ ਕਾਲਜ ਲਈ 17 ਏਕੜ ਜ਼ਮੀਨ 99 ਸਾਲਾ ਲੀਜ਼ ਉੱਤੇ ਪ੍ਰਾਪਤ ਹੋਈ। ਕਾਲਜ ਦਾ ਨੀਂਹ ਪੱਥਰ 8 ਸਤੰਬਰ 1972 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਆਪਣੇ ਕਰ ਕਮਲਾ ਨਾਲ਼ ਰੱਖਿਆ। ਇਸ ਤਰ੍ਹਾਂ ਕਾਲਜ ਪ੍ਰਬੰਧਕੀ ਕਮੇਟੀ ਦੇ ਸੰਸਥਾਪਕ ਮੈਂਬਰਾਂ ਡਾ. ਈਸ਼ਵਰ ਸਿੰਘ ਮਲਹਾਂਸ, ਸ. ਗੁਰਬਖ਼ਸ਼ ਸਿੰਘ ਕਟਾਣੀ, ਸ਼੍ਰੀ ਓਮ ਪ੍ਰਕਾਸ਼ ਬੈਕਟਰ, ਸ. ਜਗਜੀਤ ਸਿੰਘ ਮਾਂਗਟ, ਡਾ. ਸ਼ਿਵਦੇਵ ਕੌਰ ਗਰੇਵਾਲ, ਸ. ਜਗਦੀਸ਼ ਸਿੰਘ ਗਿੱਲ, ਸ. ਸ਼ੇਰ ਸਿੰਘ ਧਾਲੀਵਾਲ, ਪੰਡਿਤ ਕੇਦਾਰਨਾਥ ਸ਼ਰਮਾ, ਸ. ਬੇਅੰਤ ਸਿੰਘ, ਸ਼੍ਰੀ ਕੇਵਲ ਕ੍ਰਿਸ਼ਨ ਟੰਡਨ, ਸ. ਸਰਦਾਰਾ ਸਿੰਘ ਓਬਰਾਏ, ਕੈਪਟਨ ਗੁਰਬਚਨ ਸਿੰਘ ਮਾਂਗਟ, ਸ਼੍ਰੀ ਕ੍ਰਿਸ਼ਨਚੰਦ ਥਾਪਰ, ਸ. ਕਰਤਾਰ ਸਿੰਘ ਰੌਲ਼, ਬੀਬੀ ਭਗਵੰਤ ਕੌਰ, ਡਾ. ਕੁਲਦੀਪ ਸਿੰਘ ਮਾਂਗਟ, ਸ. ਰਾਏ ਸਿੰਘ ਮਾਂਗਟ ਅਤੇ ਸ. ਬਲਵੰਤ ਸਿੰਘ ਪਾਂਗਲੀ ਦੇ ਉੱਦਮ ਦੇ ਨਤੀਜੇ ਵਜੋਂ 1974 ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦਾ ਪਹਿਲਾ ਵਿੱਦਿਅਕ ਸੈਸ਼ਨ ਆਰੰਭ ਹੋਇਆ। ਸ. ਬਲਵੰਤ ਸਿੰਘ ਪਾਂਗਲੀ ਨੇ ਕਾਲਜ ਲਈ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਲਗਭਗ 20 ਸਾਲ ਕਾਲਜ ਨੂੰ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕੀਤੀਆਂ। ਕਾਲਜ ਅੱਜ ਜਿਹਨਾਂ ਬੁਲੰਦੀਆਂ ’ਤੇ ਪਹੁੰਚਿਆ ਹੈ ਉਸ ਲਈ ਡਾ. ਈਸ਼ਵਰ ਸਿੰਘ ਅਤੇ ਬਾਕੀ ਮੈਂਬਰ ਸਾਹਿਬਾਨ ਦੇ ਦਿੱਤੇ ਸਹਿਯੋਗ ਕਰ ਕੇ ਗੁਰੂ ਨਾਨਕ ਨੈਸ਼ਨਲ ਕਾਲਜ ਸਦਾ ਉਨ੍ਹਾਂ ਨੂੰ ਯਾਦ ਕਰਦਾ ਰਹੇਗਾ। ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ, ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਅੱਜ ਵੀ ਵਿੱਦਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ।ਇਸ ਤੋਂ ਇਲਾਵਾ ਡਾ. ਈਸ਼ਵਰ ਸਿੰਘ ਨੇ ਜਸਪਾਲੋਂ ਦੇ ਆਰ. ਐੱਸ. ਖ਼ਾਲਸਾ ਹਾਈ ਸਕੂਲ ਅਤੇ ਸਿੱਖ ਗਰਲਜ਼ ਹਾਈ ਸਕੂਲ ਦੇ ਪ੍ਰਧਾਨ, ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਦੇ ਟਰੱਸਟੀ ਵਜੋਂ ਸੇਵਾ ਨਿਭਾਉਂਦਿਆਂ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਉੱਚਾ ਚੁੱਕਣ ਦੇ ਯਤਨ ਕੀਤੇ। ਇਸੇ ਤਰ੍ਹਾਂ ਆਪ ਪੰਜਾਬ ਅਤੇ ਚੰਡੀਗੜ੍ਹ ਦੀ ਗ਼ੈਰ‑ਸਰਕਾਰੀ ਐਫ਼ੀਲਿਏਟਿਡ ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਦੇ ਪ੍ਰਧਾਨ, ਕਾਲਜ ਦੀ ਮੈਨੇਜਮੈਂਟ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਤੇ ਅਧਿਆਪਕਾਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਵਜੋਂ ਕੰਮ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ। ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਲਈ ਆਪ ਨੇ ਸਕਰਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ।ਡਾ. ਈਸ਼ਵਰ ਸਿੰਘਨੂੰ ਆਪਣੇ ਨੌਜਵਾਨ ਪੁੱਤਰ ਕੈਪਟਨ ਦਿਲਰਾਜ ਸਿੰਘ ਅਤੇ ਨ੍ਹੰਨੀ‑ਮਲੂਕ ਜਿੰਦ ਪੋਤਰੇ ਦੇ ਸਦੀਵੀ ਵਿਛੋੜੇ ਦੀ ਅਸਹਿ ਸੱਟ ਸਹਿਣੀ ਪਈ। ਇਸ ਦੁੱਖ ਦੇ ਬਾਵਜੂਦ ਆਪ ਅਡੋਲਤਾ ਸਹਿਤ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹੇ।ਅਨੇਕ ਉੱਚ ਅਹੁਦਿਆਂ ’ਤੇ ਰਹਿੰਦਿਆਂ ਵੀ ਆਪ ਹਮੇਸ਼ਾ ਨਿਰਮਾਣਤਾ ਸਹਿਤ ਲੋਕਾਂ ਵਿੱਚ ਵਿਚਰਦਿਆਂ ਸਮਾਜ ਸੇਵਾ ਲਈ ਯਤਨਸ਼ੀਲ ਰਹੇ। ਅਜਿਹੀ ਸਮਾਜ ਸੇਵਾ ਨੂੰ ਪਰਣਾਈ ਅਤੇ ਸੁਲਝੀ ਸ਼ਖ਼ਸੀਅਤ 2 ਜੁਲਾਈ, 2003 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ।ਡਾ. ਸਾਹਿਬ ਆਪਣੀ ਯਾਦਗਾਰ ਆਪ ਬਣਾ ਗਏ ਹਨ ਜਿਸ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਸਦਾ ਮਾਣ ਨਾਲ਼ ਯਾਦ ਕਰਨਗੀਆਂ। ਫੇਰ ਵੀ ਡਾ. ਸਾਹਿਬ ਦੀ ਯਾਦ ਅਤੇ ਉਹਨਾਂ ਦੇ ਯੋਗਦਾਨ ਨੂੰ ਤਾਜ਼ਾ ਕਰਨ ਲਈ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਕੈਂਪਸ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਵਲੋਂ ਕਾਲਜ ਵਿੱਚ ਡਾ. ਸਾਹਿਬ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਹਾਲ ਦੀ ਉਸਾਰੀ ਕਰਵਾਈ ਗਈ ਹੈ।ਇਸੇ ਹਾਲ ਵਿੱਚ ਹਰ ਸਾਲ 31 ਅਗਸਤ ਨੂੰ ਡਾ. ਸਾਹਿਬ ਦੀ ਯਾਦ ਵਿੱਚ ਗੁਰੂ ਨਾਨਕਨੈਸ਼ਨਲ ਕਾਲਜ ਅਤੇ ਗੁਰੂ ਨਾਨਕ ਸਕੂਲ ਦੁਆਰਾ ਸਾਂਝੇ ਤੌਰ ’ਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ।ਡਾ. ਸਾਹਿਬ ਤੋਂ ਬਾਅਦ ਉਨ੍ਹਾਂ ਦੀਆਂ ਸਪੁੱਤਰੀਆਂਸ਼੍ਰੀਮਤੀ ਰੂਪ ਬਰਾੜ ਅਤੇ ਸ਼੍ਰੀਮਤੀ ਸਰਤਾਜਢਿੱਲੋਂ ਨੇ ਆਪਣੇ ਪਿਤਾ ਦੇ ਸੁਪਨਿਆਂ ਨੂੰ ਪੂਰਦਿਆਂ ਕਾਲਜ ਦੀ ਵਾਗਡੋਰ ਸੰਭਾਲੀ। ਸ਼੍ਰੀਮਤੀ ਰੂਪ ਕੌਰ ਬਰਾੜ ਨੇ ਲੰਮੇ ਅਰਸੇ ਤੱਕ ਬਤੌਰ ਕਾਲਜ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ 20 ਜਨਵਰੀ, 2024 ਨੂੰ ਉਹ ਅਚਾਨਕ ਅਕਾਲ ਚਲਾਣਾ ਕਰ ਗਏ ਅਤੇ ਅੱਜ‑ਕੱਲ੍ਹ ਡਾ. ਈਸ਼ਵਰ ਸਿੰਘ ਦੀਹੋਣਹਾਰ ਬੇਟੀ ਸ਼੍ਰੀਮਤੀ ਸਰਤਾਜ ਢਿੱਲੋਂ ਅਤੇ ਦੋਹਤਰਾ ਸ.ਹਰਪ੍ਰਤਾਪ ਸਿੰਘ ਬਰਾੜ ਉਨ੍ਹਾਂ ਦੇ ਨਕਸ਼‑ਇ‑ਕਦਮ ’ਤੇ ਚਲਦਿਆਂ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਸ਼ਕਾਮ ਸੇਵਾ ਨਿਭਾਅ ਰਹੇ ਹਨ।