ਪਟਿਆਲਾ, 10 ਸਤੰਬਰ (ਪੀ ਐੱਸ ਗਰੇਵਾਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਨਵ ਨਿਯੁਕਤ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਅੱਜ ਕਮਿਸ਼ਨ ਦੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ ਵਿਖੇ ਸਥਾਪਤ ਕੀਤੇ ਗਏ ਉਪ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਮੌਜੂਦਗੀ 'ਚ ਆਪਣਾ ਅਹੁਦਾ ਸੰਭਾਲ ਲਿਆ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਸ੍ਰੀਮਤੀ ਬਿਮਲਾ ਸ਼ਰਮਾ ਨੂੰ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਸ੍ਰੀਮਤੀ ਬਿਮਲਾ ਨੇ ਲੰਮੇ ਅਰਸੇ ਤੋਂ ਕਾਂਗਰਸ ਪਾਰਟੀ 'ਚ ਨਿਰਸਵਾਰਥ ਸੇਵਾ ਨਿਭਾਈ ਹੈ, ਉਸੇ ਤਰ੍ਹਾਂ ਹੀ ਕਮਿਸ਼ਨ ਵਿੱਚ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾ ਕੇ ਮਹਿਲਾਵਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ ਤੇ ਪੀੜਤਾਂ ਨੂੰ ਨਿਆਂ ਦਿਵਾਉਣਗੇ। ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅਤੇ ਕਾਂਗਰਸ ਪਾਰਟੀ ਲਈ ਸੇਵਾ ਨਿਭਾਉਣ ਵਾਲੇ ਅਣਥੱਕ ਆਗੂਆਂ ਅਤੇ ਵਰਕਰਾਂ ਨੂੰ ਸਰਕਾਰ ਵਿੱਚ ਵੱਖ-ਵੱਖ ਅਹੁਦੇ ਦੇ ਕੇ ਲੋਕ ਸੇਵਾ ਕਰਨ ਦੀ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨਾਲ ਪਾਰਟੀ ਵਰਕਰਾਂ ਤੇ ਆਗੂਆਂ ਦੀ ਹੌਂਸਲਾ ਅਫ਼ਜਾਈ ਦੇ ਨਾਲ-ਨਾਲ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਲਈ ਹੋਰ ਉਤਸ਼ਾਹ ਵੀ ਮਿਲਦਾ ਹੈ ਅਤੇ ਸਰਕਾਰ ਲੋਕਾਂ ਦੇ ਹੋਰ ਨੇੜੇ ਜਾਂਦੀ ਹੈ। ਇਸ ਮੌਕੇ ਨਵਨਿਯੁਕਤ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦੁਆਇਆ ਕਿ ਉਹ ਆਪਣੀ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਣਗੇ ਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਦਾ ਤਤਪਰ ਰਹਿਣਗੇ।ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਪੀੜਤ ਮਹਿਲਾਵਾਂ ਉਨ੍ਹਾਂ ਦੇ ਪਟਿਆਲਾ ਸਥਿਤ ਦਫ਼ਤਰ ਵਿਖੇ ਉਨ੍ਹਾਂ ਨੂੰ ਮਿਲ ਸਕਦੀਆਂ ਹਨ, ਕਿਉਂਕਿ ਕਈ ਪੀੜਤ ਔਰਤਾਂ ਚੰਡੀਗੜ੍ਹ ਨਹੀਂ ਜਾ ਸਕਦੀਆਂ ਇਸ ਲਈ ਪਟਿਆਲਾ ਤੇ ਨੇੜਲੇ ਖੇਤਰਾਂ ਦੀਆਂ ਮਹਿਲਾਵਾਂ ਲਈ ਇੰਪਰੂਵਮੈਂਟ ਟਰੱਸਟ ਪਟਿਆਲਾ ਦੀ ਇਮਾਰਤ 'ਚ ਇਹ ਉਪ ਦਫ਼ਤਰ ਸਥਾਪਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿਹਾ ਕਿ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨਾਲ ਮਿਲਕੇ ਉਹ ਇੱਕ ਟੀਮ ਵਜੋਂ ਕੰਮ ਕਰਦਿਆਂ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣਾਂ ਦੀ ਸਮੱਸਿਆ ਸਮੇਤ ਜੇਲਾਂ 'ਚ ਬੰਦ ਮਹਿਲਾਵਾਂ ਤੇ ਉਨ੍ਹਾਂ ਦੇ ਬੱਚਿਆਂ ਤੇ ਹੋਰ ਪੀੜਤ ਔਰਤਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਰਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਵਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਰਜੇਸ਼ ਕੁਮਾਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ, ਐਂਟੀ ਨਾਰਕੋਟਿਕਸ ਸੈਲ ਦੇ ਚੇਅਰਮੈਨ ਸ. ਰਣਜੀਤ ਸਿੰਘ ਨਿੱਕੜਾ, ਸੀਵਰੇਜ ਤੇ ਜਲ ਸਪਲਾਈ ਬੋਰਡ ਦੇ ਉਪ ਚੇਅਰਮੈਨ ਸ੍ਰੀ ਵੇਦ ਕਪੂਰ, ਮੀਡੀਅਮ ਸਕੇਲ ਉਦਯੋਗਿਕ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਸ੍ਰੀ ਸੁਰੇਸ਼ ਗੋਗੀਆ, ਪਟਿਆਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਕੌਂਸਲਰ ਸ. ਹਰਵਿੰਦਰ ਸਿੰਘ ਨਿੱਪੀ, ਸ੍ਰੀਮਤੀ ਪ੍ਰੋਮਿਲਾ ਮਹਿਤਾ, ਸ੍ਰੀ ਗਿਆਨ ਚੰਦ, ਸ੍ਰੀ ਕ੍ਰਿਸ਼ਨ ਕੁਮਾਰ ਭੋਲਾ, ਸ੍ਰੀ ਸੰਜੀਵ ਸ਼ਰਮਾ, ਸ੍ਰੀ ਰਜੀਵ ਸ਼ਰਮਾ, ਸ੍ਰੀ ਰਿਸ਼ੀ ਸ਼ਰਮਾ ਤੇ ਸ੍ਰੀਮਤੀ ਬਿਮਲਾ ਸ਼ਰਮਾ ਦੇ ਹੋਰ ਪਰਿਵਾਰਕ ਮੈਂਬਰ, ਸ੍ਰੀ ਗਿਆਨ ਚੰਦ, ਸ੍ਰੀ ਜਸਵਿੰਦਰ ਜੁਲਕਾ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।