Bhagwant Mann Pakistan Visit: ਮੁੱਖ ਮੰਤਰੀ ਦੇ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਕੌਮੀ ਨੀਤੀ ਤਹਿਤ ਹੋਵੇਗੀ ਤੈਅ: ਵਿਦੇਸ਼ ਮੰਤਰਾਲਾ

Bhagwant Mann Pakistan Visit: ਮੁੱਖ ਮੰਤਰੀ ਦੇ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਕੌਮੀ ਨੀਤੀ ਤਹਿਤ ਹੋਵੇਗੀ ਤੈਅ: ਵਿਦੇਸ਼ ਮੰਤਰਾਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵਿਤ ਪਾਕਿਸਤਾਨ ਦੌਰੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਨਾਲ ਸਬੰਧਾਂ ਬਾਰੇ ਭਾਰਤ ਦੀ ਕੌਮੀ ਨੀਤੀ ਦੇ ਆਧਾਰ ’ਤੇ ਹੀ ਅਜਿਹੇ ਵਿਦੇਸ਼ੀ ਦੌਰਿਆਂ ਲਈ ਸਿਆਸੀ ਮਨਜ਼ੂਰੀ ਦਾ ਮੁਲਾਂਕਣ ਕੀਤਾ ਜਾਵੇਗਾ। ਭਗਵੰਤ ਮਾਨ ਨੂੰ ਲਾਹੌਰ ਵਿੱਚ ਹੋਣ ਵਾਲੀ 'ਵਰਲਡ ਪੰਜਾਬੀ ਕਾਨਫਰੰਸ' ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਉਮੀਦ ਕਰਦਾ ਹੈ ਕਿ ਹਰ ਕੋਈ ਵਿਦੇਸ਼ਾਂ ਨਾਲ ਸਬੰਧਾਂ ਬਾਰੇ ਦੇਸ਼ ਦੀ ਕੌਮੀ ਨੀਤੀ ਦੀ ਪਾਲਣਾ ਕਰੇਗਾ। ਉਨ੍ਹਾਂ ਦੇ ਬਿਆਨ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਮੁੱਖ ਮੰਤਰੀ ਦੇ ਪ੍ਰਸਤਾਵਿਤ ਦੌਰੇ ਬਾਰੇ ਵੀ ਇਸੇ ਨੀਤੀ ਦੇ ਦਾਇਰੇ ਵਿੱਚ ਫ਼ੈਸਲਾ ਲਿਆ ਜਾਵੇਗਾ।

ਜੈਸਵਾਲ ਨੇ ਕਿਹਾ, "ਜਦੋਂ ਵਿਦੇਸ਼ਾਂ ਨਾਲ ਸਬੰਧਾਂ ਦੀ ਗੱਲ ਆਉਂਦੀ ਹੈ, ਤਾਂ ਸਾਡੀ ਇੱਕ ਕੌਮੀ ਨੀਤੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕੋਈ ਇਸ ਦੀ ਪਾਲਣਾ ਕਰੇਗਾ। ਜਿੱਥੇ ਤੱਕ ਵਿਦੇਸ਼ਾਂ ਦਾ ਦੌਰਾ ਕਰਨ ਵਾਲੀਆਂ ਨਾਮਵਰ ਸ਼ਖ਼ਸੀਅਤਾਂ ਲਈ ਸਿਆਸੀ ਮਨਜ਼ੂਰੀਆਂ ਦਾ ਸਵਾਲ ਹੈ, ਇਸ ਮੰਤਰਾਲੇ ਵੱਲੋਂ ਸਾਡੀ ਸਮੁੱਚੀ ਨੀਤੀ ਦੇ ਅਨੁਸਾਰ ਮੁਲਾਂਕਣ ਕੀਤਾ ਜਾਂਦਾ ਹੈ ਅਤੇ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਂਦੀ ਹੈ।"

ਪਹਿਲਗਾਮ ਅਤਿਵਾਦੀ ਹਮਲੇ ਦਾ ਵੀ ਕੀਤਾ ਜ਼ਿਕਰ

ਪਾਕਿਸਤਾਨ ਬਾਰੇ ਭਾਰਤ ਦੇ ਰੁਖ਼ ਨੂੰ ਸਪੱਸ਼ਟ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅਪਰੈਲ 2024 ਵਿੱਚ ਹੋਏ ਪਹਿਲਗਾਮ ਅਤਿਵਾਦੀ ਹਮਲੇ ਦਾ ਵੀ ਹਵਾਲਾ ਦਿੱਤਾ।

ਉਨ੍ਹਾਂ ਕਿਹਾ, "ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਬਾਰੇ ਸਾਡਾ ਜੋ ਰੁਖ਼ ਹੈ, ਉਹ ਸਾਰਿਆਂ ਲਈ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ।"

ਭਗਵੰਤ ਮਾਨ ਨੂੰ 27 ਤੋਂ 29 ਨਵੰਬਰ ਤੱਕ ਲਾਹੌਰ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਦੌਰੇ ਲਈ ਸਿਆਸੀ ਮਨਜ਼ੂਰੀ ਦਾ ਮਾਮਲਾ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪਾਕਿਸਤਾਨੀ ਮੰਤਰੀ ਨੇ ਸਪੀਕਰ ਤੇ ਵਿਧਾਇਕਾਂ ਨੂੰ ਵੀ ਦਿੱਤਾ ਸੱਦਾ

ਇਸੇ ਦੌਰਾਨ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਇਕਾਂ ਨੂੰ ਵੀ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਦੇ ਸਪੀਕਰ ਅਤੇ ਵਿਧਾਇਕਾਂ ਨੂੰ ਕਰਤਾਰਪੁਰ ਸਾਹਿਬ ਸਮੇਤ ਹੋਰ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਸੱਦਾ ਦਿੱਤਾ ਹੈ।

ਇਸ ਪ੍ਰਸਤਾਵਿਤ ਦੌਰੇ ਤੋਂ ਬਾਅਦ ਸਿਆਸੀ ਮਨਜ਼ੂਰੀ ਦਾ ਮੁੱਦਾ ਹੋਰ ਮਹੱਤਵਪੂਰਨ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਤੋਂ ਸੰਕੇਤ ਮਿਲਦਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਪ੍ਰਤੀ ਭਾਰਤ ਦੀ ਨੀਤੀ ਹੀ ਇਸ ਸਬੰਧੀ ਕਿਸੇ ਵੀ ਫ਼ੈਸਲੇ ਦਾ ਆਧਾਰ ਹੋਵੇਗੀ।

ਤੇਲੰਗਾਨਾ ਦੇ ਮੁੱਖ ਮੰਤਰੀ ਦੇ ਅਮਰੀਕਾ ਦੌਰੇ ਦੀ ਮਨਜ਼ੂਰੀ ਵੀ ਹੋਈ ਸੀ ਰੱਦ

ਇਸ ਤੋਂ ਪਹਿਲਾਂ ਅਗਸਤ ਵਿੱਚ ਵਿਦੇਸ਼ ਮੰਤਰਾਲੇ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਪ੍ਰਸਤਾਵਿਤ ਅਮਰੀਕਾ ਦੌਰੇ ਲਈ ਸਿਆਸੀ ਮਨਜ਼ੂਰੀ ਰੱਦ ਕਰ ਦਿੱਤੀ ਸੀ। ਉਸ ਸਮੇਂ ਮੰਤਰਾਲੇ ਨੇ ਮਨਜ਼ੂਰੀ ਨਾ ਦੇਣ ਦੇ ਕਾਰਨਾਂ ਬਾਰੇ ਅਧਿਕਾਰਤ ਤੌਰ ’ਤੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਸੀ।

ਮੰਤਰਾਲੇ ਨੇ ਸਿਰਫ਼ ਇਹ ਕਿਹਾ ਸੀ ਕਿ ਅਮਰੀਕਾ ਵਿੱਚ ਰੈਡੀ ਦਾ ਪ੍ਰਸਤਾਵਿਤ ਪ੍ਰੋਗਰਾਮ ਉਨ੍ਹਾਂ ਦੇ ਅਹੁਦੇ ਅਤੇ ਦੌਰੇ ਦੇ ਉਦੇਸ਼ ਦੇ ਹਿਸਾਬ ਨਾਲ ਢੁਕਵਾਂ ਨਹੀਂ ਮੰਨਿਆ ਗਿਆ ਸੀ।