Canada: ਸਰੀ ਵਿੱਚ ਘਰ ਦਾ ਦਰਵਾਜ਼ਾ ਤੋੜ ਕੇ ਕਾਰ ਚੋਰੀ ਕਰਨ ਦੇ ਮਾਮਲੇ ’ਚ 21 ਸਾਲਾ ਸ਼ੇਰ ਏ ਪ੍ਰਤਾਪ ਸਿੰਘ ਹੁੰਦਲ ਗ੍ਰਿਫ਼ਤਾਰ
- ਅੰਤਰਰਾਸ਼ਟਰੀ
- (Asia/Kolkata)
ਕੈਨੇਡਾ ਦੇ ਸਰੀ ਵਿੱਚ ਘਰ ਦਾ ਦਰਵਾਜ਼ਾ ਤੋੜ ਕੇ ਕਾਰ ਚੋਰੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ 21 ਸਾਲਾ ਸ਼ੇਰ ਏ ਪ੍ਰਤਾਪ ਸਿੰਘ ਹੁੰਦਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 181 ਸਟਰੀਟ ਅਤੇ 96 ਐਵੇਨਿਊ ਸਥਿਤ ਇੱਕ ਘਰ ਵਿੱਚ ਵਾਪਰੀ ਸੀ, ਜਿੱਥੇ ਮੁਲਜ਼ਮ ਕਥਿਤ ਤੌਰ ’ਤੇ ਜਬਰੀ ਦਾਖ਼ਲ ਹੋ ਕੇ ਉੱਥੇ ਖੜ੍ਹੀ ਕਾਰ ਲੈ ਕੇ ਫ਼ਰਾਰ ਹੋ ਗਿਆ ਸੀ।
ਸਰੀ ਪੁਲੀਸ ਦੇ ਬੁਲਾਰੇ ਅਲੀ ਗੈਲਸ ਨੇ ਦੱਸਿਆ ਕਿ ਮੁਲਜ਼ਮ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਣ ਤੋਂ ਬਾਅਦ ਕਾਰ ਚੋਰੀ ਕੀਤੀ ਸੀ। ਇਸ ਮਾਮਲੇ ਦੀ ਜਾਂਚ ਮੇਜਰ ਕਰਾਈਮ ਸੈਕਸ਼ਨ ਨੂੰ ਸੌਂਪੀ ਗਈ ਸੀ। ਜਾਂਚਕਰਤਾਵਾਂ ਨੇ ਕੁਝ ਦਿਨਾਂ ਬਾਅਦ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਨੇ ਉਸ ਵਿਰੁੱਧ ਚੋਰੀ ਨਾਲ ਸਬੰਧਤ 6 ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਅਦਾਲਤ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਜੱਜ ਨੇ ਸਖ਼ਤ ਜ਼ਮਾਨਤੀ ਸ਼ਰਤਾਂ ਤਹਿਤ ਉਸ ਨੂੰ ਦਸੰਬਰ ਵਿੱਚ ਹੋਣ ਵਾਲੀ ਅਗਲੀ ਪੇਸ਼ੀ ਤੱਕ ਰਿਹਾਅ ਕਰ ਦਿੱਤਾ ਹੈ।
ਪੁਲੀਸ ਬੁਲਾਰੇ ਮੁਤਾਬਕ ਜਾਂਚ ਟੀਮ ਹਾਲੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਨੇ ਇਸ ਤੋਂ ਪਹਿਲਾਂ ਵੀ ਕੋਈ ਅਪਰਾਧ ਕੀਤਾ ਹੈ ਜਾਂ ਇਹ ਉਸ ਦਾ ਪਹਿਲਾ ਮਾਮਲਾ ਹੈ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਦਾਲਤ ਵੱਲੋਂ ਸਜ਼ਾ ਬਾਰੇ ਫ਼ੈਸਲਾ ਕੀਤਾ ਜਾਵੇਗਾ।