ਭਾਖੜਾ ਨਹਿਰ ਅਤੇ ਰਜਵਾਹਿਆਂ ਦਾ ਕੰਮ ਜਲਦੀ ਕਰਵਾਉਣ ਦੀ ਮੰਗ ਨੂੰ ਲੈ ਕੇ 30 ਨੂੰ ਲਾਏਗੀ ਕਿਸਾਨ ਜਥੇਬੰਦੀ ਧਰਨਾ।

ਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਕੋਲ਼ੋਂ ਦੀ ਲੰਘਦੀ ਭਾਖੜਾ ਮੇਨ ਬ੍ਰਾਂਚ ਤੋਂ ਨਿਕਲਣ ਵਾਲੇ ਰਾਜਵਾਹਿਆਂ ਦੀ ਮਾੜੀ ਹਾਲਤ ਨੂੰ ਠੀਕ ਕਰਵਾਉਣ ਦੇ ਮਕਸਦ ਨਾਲ ਖੇਤਰ ਦੇ ਕਈ ਪਿੰਡਾਂ ਨੂੰ ਨਾਲ ਲੈ ਕੇ ਠੀਕ ਕਰਵਾਉਣ ਲਈ ਬੀੜਾ ਉਠਾਇਆ ਸੀ ਪ੍ਰੰਤੂ ਨਹਿਰੀ ਮਹਿਕਮੇ ਦਾ ਪਰਨਾਲਾ ਉਥੇ ਦਾ ਉਥੇ ਹੈ। ਜਿਸ ਨੂੰ ਲੈ ਕੇ ਅੱਜ ਫਿਰ ਪਿੰਡ ਗੋਲੇਵਾਲਾ ਵਿਖੇ ਇਕੱਤਰਤਾ ਕੀਤੀ ਗਈ। ਜਿਸ ਵਿਚ ਕਈ ਪਿੰਡਾਂ ਦੇ ਮੋਹਤਬਰ ਵਿਅਕਤੀ ਸ਼ਾਮਿਲ ਹੋਏ। ਇਸ ਇਕੱਤਰਤਾ ਮੌਕੇ ਬੋਲਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਕਿਹਾ ਕਿ ਉਹਨਾਂ ਦਾ ਇਕ ਵਫਦ ਨਹਿਰੀ ਵਿਭਾਗ ਦੇ ਐੱਸ ਡੀ ਓ ਨੂੰ ਮਿਲੇ ਸਨ ਜਿਹਨਾਂ ਨੇ ਕੋਈ ਸਤੁੰਸ਼ਟੀਜਨਕ ਜਵਾਬ ਨਹੀਂ ਦਿੱਤਾ। ਇਸ ਕਰਕੇ ਅੱਜ ਫਿਰ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਵੱਖ ਵੱਖ ਪਿੰਡਾਂ ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਇਸ ਸਮੱਸਿਆ ਦੇ ਹੱਲ ਕਰਵਾਉਣ ਅਤੇ ਮਹਿਕਮੇ 'ਤੇ ਦਬਾਅ ਪਾਉਣ ਲਈ 30 ਜੂਨ ਨੂੰ ਐਕਸੀਅਨ ਦਫਤਰ ਜਵਾਹਰਕੇ ਵਿਖੇ ਧਰਨਾ ਲਗਾਇਆ ਜਾ ਸਕੇ। ਯੋਧਾ ਸਿੰਘ ਨੰਗਲਾ ਨੇ ਮਹਿਕਮੇ ਪਾਸੋਂ ਮੰਗ਼ ਕੀਤੀ ਕਿ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਉਹਨਾਂ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ 28 ਤਰੀਕ ਤੱਕ ਉਕਤ ਰਜਵਾਹਿਆਂ ਦੇ ਕਿਨਾਰਿਆਂ ਅਤੇ ਨਹਿਰ 'ਤੇ ਸੁਰੱਖਿਆ ਰੇਲਿੰਗ ਲਗਾਉਣੀ ਨਾ ਅਰੰਭੀ ਤਾਂ ਅਗਲਾ ਸੰਘਰਸ਼ ਅਰੰਭਿਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂ ਮਹਿਮਾ ਸਿੰਘ ਚੱਠੇਵਾਲਾ, ਬਖਤੌਰ ਸਿੰਘ ਗੋਲੇਵਾਲਾ ਤੋਂ ਇਲਾਵਾ ਪਿੰਡਾਂ ਦੇ ਵਸਨੀਕ ਮੌਜ਼ੂਦ ਸਨ।