ਪੰਜਾਬੀਆਂ ਵੱਲੋਂ ਅਣਗੌਲੀ ਮਾਂ-ਬੋਲੀ ….. ਪੰਜਾਬੀ

ਪੰਜਾਬੀਆਂ ਵੱਲੋਂ ਅਣਗੌਲੀ ਮਾਂ-ਬੋਲੀ …..        ਪੰਜਾਬੀ

ਕਿਸੇ ਕੌਮ ਦੇ ਵਜੂਦ ਨੂੰ ਖਤਮ ਕਰਨਾ ਹੋਵੇ, ਤਾਂ ਉਸ ਖਿੱਤੇ ਵਿੱਚ ਵਸਣ ਵਾਲੇ ਬਾਸ਼ਿੰਦਿਆਂ ਨੂੰ ਉਸ ਦੀ ਮਾਂ -ਬੋਲੀ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ। ਸਿੱਧੇ ਜਾਂ ਅਸਿੱਧੇ ਤੌਰ ਤੇ ਭਾਸ਼ਾਈ ਸਰੰਚਨਾ, ਬਣਤਰ, ਵਿਹਾਰਕ ਵਰਤਾਰੇ ਵਿੱਚ ਸੇਂਧ ਲਾਈ ਜਾਂਦੀ ਹੈ । ਕਿਸੇ ਵੀ ਰਾਜ ਵਿੱਚ ਉੱਥੋਂ ਦੀ ਖੇਤਰੀ ਭਾਸ਼ਾ ਨੂੰ ਦਫ਼ਤਰਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਜਗਾਹ ਮਿਲਦੀ ਹੈ । ਜਦੋਂ ਉਸ ਭਾਸ਼ਾ ਨੂੰ ਸਿੱਧਾ ਕਤਲ ਨਾ ਕੀਤਾ ਜਾ ਸਕਦਾ ਹੋਵੇ ਤਾਂ ਉਸ ਨੂੰ ਹੌਲੀ ਹੌਲੀ ਸਹਿਕਾ ਕੇ ਖਤਮ ਕਰ ਦਿੱਤਾ ਜਾਂਦਾ ਹੈ । ਜਿਵੇਂ ਕਿ ਹੁਣ ਪੰਜਾਬੀ ਭਾਸ਼ਾ ਨਾਲ ਹੋ ਰਿਹਾ ਏ ।


ਪੰਜਾਬੀ ਲੋਕ , ਬੇਸ਼ੱਕ ਉਹ ਕਿਸੇ ਵੀ ਧਰਮ ਨੂੰ ਮੰਨਦੇ ਹੋਣ , ਮਾਂ ਬੋਲੀ ਦੀ ਸਾਂਝ ਕਰਕੇ ਇੱਕ ਦੂਜੇ ਨਾਲ ਜੁੜੇ ਹੋਏ ਹਨ । ਆਉ, ਪੰਜਾਬੀਆਂ ਦੀ ਵਿਲੱਖਣ ਪਹਿਚਾਨ , ਸਿਧਾਂਤਕ ਵਖਰੇਵੇਂ , ਸਭਿਆਚਾਰਕ ਵਰਤਾਰੇ ਅਤੇ ਆਪਸੀ ਸਾਂਝ ਉੱਤੇ ਮਾਰੀ ਜਾ ਰਹੀ ਗੁੱਝੀ ਸੱਟ 'ਤੇ ਝਾਤ ਮਾਰੀਏ ਅਤੇ ਮਾਂ -ਬੋਲੀ ਦੇ ਅੱਖੋਂ ਪਰੋਖੇ ਕੀਤੇ ਜਾ ਰਹੇ ਵਜੂਦ ਦੇ ਭਾਸ਼ਾਈ ਸੰਕਟ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ।


1. ਪੰਜਾਬ ਦੇ ਅੰਦਰ ਦਫ਼ਤਰੀ ਦਸਤਾਵੇਜ਼ ਅਤੇ ਸਰਕਾਰੀ ਅਦਾਰਿਆਂ ਦੇ ਕਲੰਡਰ ਆਦਿ ਵਿੱਚੋਂ ਪੰਜਾਬੀ ਦਾ ਗਾਇਬ ਹੋਣਾ ।

2. ਪੰਜਾਬ ਦੇ ਸਕੂਲਾਂ ਅੰਦਰ ਪੰਜਾਬੀ ਦੀ ਵਰਤੋਂ ਕਰਨ 'ਤੇ ਰੋਕ ਲਾਉਣਾ ਅਤੇ ਪੰਜਾਬੀ ਬੱਚਿਆਂ ਵਿੱਚ ਹੀਣ- ਭਾਵਣਾ ਪੈਦਾ ਕਰਨਾ ।

3. ਬੈਂਕਾਂ ਦੇ ਫ਼ਾਰਮ , ਚਿੱਠੀ -ਪੱਤਰ , ਦਫ਼ਤਰੀ ਕੰਮ - ਕਾਜ਼ ਹੋਰ ਪੱਤਰ -ਵਿਹਾਰ ਅਤੇ ਸੰਪਰਕ -ਸ਼ਾਖਾ ਵਿੱਚ ਪੰਜਾਬੀ ਦੀ ਵਰਤੋਂ ਨਾ ਕਰਨਾ ।

4. ਟੈਲੀਕੌਮ ਵੱਲੋਂ ਸੰਪਰਕ- ਸ਼ਾਖਾ ਅਤੇ ਗ੍ਰਾਹਕ ਪ੍ਰਤੀਨਿਧੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਆਖਰੀ ਵਿਕਲਪ ਵਜੋਂ ਰੱਖਣਾ ।

5. ਪੰਜਾਬੀ ਭਾਸ਼ਾ ਵਿੱਚ ਦਾਖਲ ਹੁੰਦੀ ਗੈਰ ਪੰਜਾਬੀ- ਸ਼ਬਦਾਵਲੀ ਨੂੰ ਅਸਾਨੀ ਨਾਲ ਅਪਣਾ ਲੈਣਾ ਵੀ ਗੰਭੀਰ ਚਿੰਤਨ ਦਾ ਵਿਸ਼ਾ ਹੈ ।

6. ਮਸ਼ਹੂਰ ਖ਼ਬਰਾਂ ਦੇ ਚੈਨਲਾਂ ਉੱਪਰ ਵਰਤੀ ਜਾਣ ਵਾਲੀ ਲਿਖਿਤ ਜਾਂ ਮੌਖਿਕ ਪੰਜਾਬੀ ਵਿਚਲੇ ਵੱਡੇ ਦੋਸ਼ ਇੱਕ ਵੱਡੀ ਤਰਾਸਦੀ ਹੈ ।


ਕੀ ਇੰਨਾ ਕਾਫ਼ੀ ਨਹੀਂਓ ਹੈ, ਪੰਜਾਬੀ ਭਾਸ਼ਾ ਨੂੰ ਬੇਇੱਜ਼ਤ ਕਰਨ ਲਈ ?


ਜਦੋਂ ਕਿਸੇ ਬੈਂਕ ਵਿੱਚੋ ਜਾਂ ਕਿਸੇ ਟੈਲੀਕੌਮ ਕੰਪਨੀ ਵੱਲੋਂ ਪੰਜਾਬ ਵਿੱਚ ਫ਼ੋਨ ਆਉਂਦੇ ਹਨ ਤਾਂ ਹਿੰਦੀ ਜਾਂ ਅੰਗ੍ਰੇਜ਼ੀ ਵਿੱਚ ਗੱਲ ਸ਼ੁਰੂ ਹੁੰਦੀ ਏ । ਗ੍ਰਾਹਕ ਨੂੰ ਕਹਿਣਾ ਪੈਂਦਾ ਹੈ ਕਿ ਕਿਰਪਾ ਕਰਕੇ ਪੰਜਾਬੀ ਵਿੱਚ ਦੱਸੋ । ਪੰਜਾਬੀ ਨੂੰ ਆਖਰੀ ਵਿਕਲਪ ਬਣਾ ਦਿੱਤਾ ਜਾਂਦਾ ਹੈ ਫ਼ਿਰ ਚਾਹੇ ਉਹ ਆਈ. ਵੀ.ਆਰ . ਦੀ ਭਾਸ਼ਾ ਚੁਨਣਾ ਹੀ ਹੋਵੇ । ਕੀ ਪੰਜਾਬ ਅਤੇ ਇੱਥੋਂ ਦੀ ਮਾਤ- ਭਾਸ਼ਾ ਨੂੰ ਇੰਨੇ ਹਲਕੇ ਵਿੱਚ ਲਿਆ ਜਾਂਦਾ ਹੈ ?


ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਦੂਜੀਆਂ ਭਾਸ਼ਾਵਾਂ ਦੇ ਗਿਆਨ ਲਈ ਭੇਜਿਆ ਜਾਂਦਾ ਹੈ ਨਾ ਕਿ ਆਪਣੀ ਬੋਲੀ ਨੂੰ ਭੁਲਾਉਣ ਅਤੇ ਨਿਰਾਦਰ ਕਰਨ ਲਈ ।ਬੱਚਿਆਂ 'ਤੇ ਜੁਰਮਾਨੇ ਲਾ ਕੇ, ਜਾਂ ਉਨ੍ਹਾਂ ਵਿੱਚ ਹੀਣ - ਭਾਵਨਾ ਪੈਦਾ ਕਰਨਾ ,ਕਿਸੇ ਜ਼ੁਰਮ ਨਾਲੋਂ ਘੱਟ ਨਹੀਂ ਹੈ ।ਅੰਗ੍ਰੇਜ਼ੀ ਦੇ ਗਿਆਨ ਨੂੰ ਉੱਤਮ ਮੰਨਿਆ ਜਾਂਦਾ ਹੈ ਅਤੇ ਅੰਗ੍ਰੇਜ਼ੀ ਬੋਲਣ ਵਾਲੇ ਵਿਦਿਆਰਥੀਆਂ ਨੂੰ ਉੱਚ ਦਰਜਾ ਦਿੱਤਾ ਜਾਂਦਾ ਹੈ।ਇਸ ਤਰ੍ਹਾਂ ਮਾਂ -ਬੋਲੀ ਲਈ ਸੁਚੇਤ ਵਰਗ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਪੇਂਡੂ ,ਗਵਾਰ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ।


ਬੈਂਕ ਵਿੱਚ ਪਿੰਡ ਤੋਂ ਆਏ ਲੋਕਾਂ ਨੂੰ ਗੈਰ - ਖੇਤਰੀ ਭਾਸ਼ਾ ਵਿੱਚ ਫ਼ਾਰਮ ਭਰਨ ਲਈ ਦਿੱਤੇ ਜਾਂਦੇ ਹਨ , ਕਰੈਡਿਟ ਕਾਰਡ ਦੀਆਂ ਸ਼ਰਤਾਂ ਆਦਿ ਨੂੰ ਉਹ ਆਪਣੀ ਭਾਸ਼ਾ ਵਿੱਚ ਨਾ ਪੜ੍ਹ ਸਕਣ ਕਰਕੇ , ਬਹੁਤ ਸ਼ਰਤਾਂ ਤੋਂ ਅਣਜਾਨ ਰਹਿ ਜਾਂਦੇ ਹਨ ।ਇਸ ਤਰ੍ਹਾਂ ਠੱਗੀਆਂ ਦੇ ਸ਼ਿਕਾਰ ਹੁੰਦੇ ਹਨ ।ਉਨ੍ਹਾਂ ਨੂੰ ਉਹ ਫ਼ਾਰਮ ਭਰਨ ਲਈ ਹੋਰਾਂ ਦੀ ਮਦਦ ਲੈਣੀ ਪੈਂਦੀ ਹੈ, ਜਿਸ ਨਾਲ ਉਹ ਹੀਣ -ਭਾਵਨਾ ਦੇ ਅਹਿਸਾਸ ਨਾਲ ਭਰ ਜਾਂਦੇ ਹਨ, ਚਾਹੇ ਉਹ ਕਿੰਨੇ ਵੀ ਹੋਣਹਾਰ ਕਿਉਂ ਨਾ ਹੋਣ ।

ਪੰਜਾਬੀ ਸਿਰਫ਼ ਇੱਕ ਭਾਸ਼ਾ ਹੀ ਨਹੀਂ ਸਾਡੀ ਸੱਭਿਆਚਾਰਕ ਪਛਾਣ ਵੀ ਹੈ । ਇਹ ਸਾਡੇ ਭਾਈਚਾਰੇ ਦੀ ਇੱਕ ਅਟੁੱਟ ਕੜੀ ਹੈ, ਜੋ ਸਾਨੂੰ ਵੱਖਰੇਵੇਂ ਹੋਣ ਦੇ ਬਾਵਜੂਦ ਭਾਸ਼ਾਈ ਸਾਂਝ ਤੇ ਅਪਣੱਤ ਦਾ ਅਹਿਸਾਸ ਕਰਾਉਂਦੀ ਹੈ । ਦੁਨੀਆ ਦੇ ਕਿਸੇ ਕੋਨੇ ਵਿੱਚ ਕਿਸੇ ਵੀ ਧਰਮ ਜਾਂ ਵਰਗ ਦਾ ਵਿਅਕਤੀ ਜਦੋਂ ਪੰਜਾਬੀ ਬੋਲਦਾ ਹੈ ਤਾਂ ਸਾਰੇ ਵਖਰੇਵਿਆਂ ਦੇ ਜਾਲ ਟੁੱਟ ਜਾਂਦੇ ਹਨ ।ਆਪਣੀ ਧਰਤੀ ਨਾਲ ਅਪਣੱਤ ਦਾ ਅਹਿਸਾਸ ਕਰਾਉਂਦੀ ਸਾਡੀ ਮਾਂ-ਬੋਲੀ ਨੂੰ ਅਸੀਂ ਇਸ ਤਰ੍ਹਾਂ ਰੁਲਦੇ ਹੋਏ ਕਿਵੇਂ ਦੇਖ ਸਕਦੇ ਹਾਂ ?!!ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਬੋਲੀ ਜਾਂ ਭਾਸ਼ਾ ਦਾ ਖਾਤਮਾ ਹੁੰਦਾ ਹੈ ਤਾਂ ਨੌਜਵਾਨ ਆਪਣੇ ਵਿਰਸੇ ਅਤੇ ਸਭਿਆਚਾਰ ਨਾਲੋਂ ਸੌਖੇ ਹੀ ਟੁੱਟ ਜਾਂਦੇ ਹਨ । ਬਹੁਤਾ ਇਤਿਹਾਸ ਅਤੇ ਕੀਮਤੀ ਗਿਆਨ ਅਗਲੀਆਂ ਪੀੜ੍ਹੀਆਂ ਤੱਕ ਨਹੀਂ ਪਹੁੰਚ ਸਕਦਾ ।ਦੁਨੀਆਂ ਵਿੱਚ ਅਜਿਹੀਆਂ ਕਈ ਉਦਾਹਰਨਾਂ ਮਿਲਦੀਆਂ ਹਨ, ਜਿਥੇ ਕੁਝ ਬੋਲੀਆਂ ਹੌਲੀ -ਹੌਲੀ ਅਲੋਪ ਹੋ ਗਈਆਂ ।ਇਸ ਗੱਲ ਨੂੰ ਯੂਨੈਸਕੋ ਨੇ ਵੀ ਮੰਨਿਆ ਹੈ ਕਿ ਆਪਣੀ ਭਾਸ਼ਾ ਗੁਆ ਕੇ ਅਸੀਂ ਆਪਣੀ ਸੰਸਕ੍ਰਿਤਿਕ ਪਹਿਚਾਣ ਗੁਆ ਲੈਂਦੇ ਹਾਂ । ਨੌਜਵਾਨ ਆਪਣੀਆਂ ਜੜਾਂ ਨਾਲੋਂ ਅਤੇ ਬੋਲੀ ਰਾਹੀਂ ਪੀੜ੍ਹੀਆਂ ਦਰ ਪੀੜ੍ਹੀਆਂ ਅਗੇ ਪਰੋਏ ਜਾਂਦੇ ਸੱਭਿਆਚਾਰਕ ਵਰਤਾਰੇ ਨਾਲੋਂ ਟੁੱਟਦੇ ਹਨ । ਜੜ੍ਹ ਨਾਲੋਂ ਟੁੱਟੇ ਬੂਟੇ ਦੇ ਪੱਤੇ ਭਲਾ ਕਦੋਂ ਤੱਕ ਹਰੇ ਰਹਿ ਸਕਦੇ ਹਨ !ਅਸੀ ਅਕਸਰ ਇਸ਼ਤਿਹਾਰਾਂ ਵਿੱਚ ਪੰਜਾਬੀ ਵਿਆਕਰਨ ਅਤੇ ਸ਼ਬਦਾਵਲੀ ਵਿੱਚ ਦੋਸ਼ ਦੇਖ ਸਕਦੇ ਹਾਂ ਪਰ ਉਸ ਨੂੰ ਇਸੇ ਤਰ੍ਹਾਂ ਪਰਵਾਨ ਕਰ ਲਿਆ ਜਾਂਦਾ ਹੈ ।ਅੱਜਕੱਲ੍ਹ ਸੋਸ਼ਲ ਮੀਡੀਆ ਉੱਪਰ ਪੰਜਾਬੀ ਵਿੱਚ ਆਏ ਸੁਨੇਹੇ ਨੂੰ ਬਿਨਾਂ ਉਸ ਦੇ ਸ਼ਬਦ - ਜੋੜ ਠੀਕ ਕੀਤੇ ਅੱਗੇ ਭੇਜ ਦਿੱਤਾ ਜਾਂਦਾ ਹੈ ।ਇਹ ਵੀ ਬੋਲੀ ਦਾ ਦੁਸ਼ -ਪ੍ਰਚਾਰ ਹੀ ਸਮਝਿਆ ਜਾਵੇਗਾ ।ਸਭ ਤੋਂ ਹਾਸੋ -ਹੀਣੀ ਅਤੇ ਚਿੰਤਾਜਨਕ ਗੱਲ ਉਦੋਂ ਹੁੰਦੀ ਹੈ ਜਦੋਂ ਪੰਜਾਬੀ ਖਬਰਾਂ ਦੇ ਚੈਨਲ ਉੱਪਰ ਪੰਜਾਬੀ ਭਾਸ਼ਾ ਦੀਆਂ ਲਿਖਤੀ ਅਤੇ ਉਚਾਰਣ ਤਰੁੱਟੀਆਂ ਦੇਖਣ ਨੂੰ ਮਿਲਦੀਆਂ ਹਨ । ਉਨ੍ਹਾਂ ਚੈਨਲਾਂ ਦਾ ਪ੍ਰਸਾਰਨ ਵੀ ਦੂਰ ਤੱਕ ਹੁੰਦਾ ਹੈ । ਇਸ ਲਈ ਸਿਨੇਮਾ ਜਗਤ ਅਤੇ ਛੋਟੇ- ਪਰਦੇ ਦੀ ਦੁਨੀਆਂ ਨੂੰ ਵੀ ਗੰਭੀਰਤਾ ਨਾਲ ਇਸ ਭਾਸ਼ਾਈ ਸੱਮਸਿਆ ਨੂੰ ਵਿਚਾਰਨ ਦੀ ਲੋੜ ਹੈ।

ਭਾਸ਼ਾ ਦੀ ਮੌਤ ਕਈ ਪੜਾਵਾਂ ਵਿੱਚੋਂ ਲੰਘ ਕੇ ਹੁੰਦੀ ਹੈ ।

ਪਹਿਲਾ ਪੜ੍ਹਾਅ ,ਜਦੋਂ ਅਸੀ ਭਾਸ਼ਾ ਦੀ ਵਰਤੋਂ ਨੂੰ ਸੀਮਿਤ ਕਰ ਦਿੰਦੇ ਹਾਂ ।

ਦੂਜੇ ਪੜਾਅ ਵਿੱਚ ਸਾਡੀ ਤੀਜੀ ਪੀੜ੍ਹੀ ਅਤੇ ਪਹਿਲੀ ਪੀੜ੍ਹੀ ਵਿੱਚ ਸੰਵਾਦ ਹੋਣਾ ਔਖਾ ਹੋ ਜਾਂਦਾ ਹੈ ।

ਤੀਜੇ ਪੜਾਅ ਵਿੱਚ ਅਸੀਂ ਆਖਰੀ ਪੀੜ੍ਹੀ ਵਜੋਂ ਜਾਣੇ ਜਾਂਦੇ ਹਾਂ, ਜੋ ਆਪਣੀ ਭਾਸ਼ਾ ਦੇ ਸ਼ਬਦ ਭੰਡਾਰ ਦਾ ਪੂਰਾ ਗਿਆਨ ਰੱਖਦੇ ਹਨ ।

ਚੌਥਾ ਪੜਾਅ ,ਜਦੋਂ ਉਸ ਭਾਸ਼ਾ ਵਿੱਚ ਲਿਖਣਾ, ਬੋਲਣਾ ਅਤੇ ਛਪਣਾ ਬੰਦ ਕਰ ਦਿੱਤਾ ਜਾਂਦਾ ਹੈ ।

ਪੰਜਾਬ ਦੇ ਸਰਕਾਰੀ, ਅੱਧ ਸਰਕਾਰੀ ਜਾਂ ਨਿੱਜੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਦੀ ਛਪਾਈ ਸੀਮਿਤ ਹੋ ਜਾਣਾ , ਕੀ ਇਹ ਆਖਰੀ ਪੜਾਅ ਵੱਲ ਧੱਕਣ ਦਾ ਯਤਨ ਨਹੀਂ ਹੈ ?!!

ਕੀ ਸਾਨੂੰ ਆਪਣੇ ਰਾਜ ਦੀ ਭਾਸ਼ਾ ਦੀ ਰਾਖੀ ਲਈ ਰਾਜ ਸਰਕਾਰ ਤੋਂ ਉਮੀਦ ਕਰਨੀ ਚਾਹੀਦੀ ਹੈ ਜਾਂ ਫ਼ਿਰ ਇਸ ਲਈ ਵੀ ਕਿਸੇ ਜੱਥੇਬੰਦੀ ਵੱਲੋਂ ਮੁਹਿੰਮ ਚਲਾਉਣ 'ਤੇ ਨਿਰਭਰ ਹੋਣਾ ਪੈਣਾ ਹੈ। ਇਸ ਤਰ੍ਹਾਂ ਪੰਜਾਬ ,ਮੁਹਿੰਮਾਂ ਤੇ ਸੰਘਰਸ਼ਾਂ ਤੋਂ ਬਾਹਰ ਆ ਕੇ ਤਰੱਕੀ ਦੇ ਰਾਹ ਤੁਰਣ ਦੀ ਆਸ ਕਿਵੇਂ ਕਰੇ ?!!

ਕਿਸੇ ਸਿਆਣੇ ਵਿਦਵਾਨ ਨੇ ਠੀਕ ਹੀ ਕਿਹਾ ਹੈ ਕਿ ਜੇ ਕਿਸੇ ਨੂੰ ਬਦ -ਅਸੀਸ ਦੇਣੀ ਹੋਵੇ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਤੈਨੂੰ ਤੇਰੀ ਮਾਂ- ਬੋਲੀ ਭੁੱਲ ਜਾਵੇ।

ਇੱਕ ਚੀਜ਼ ਹਰ ਪੰਜਾਬੀ ਦੀ ਸਾਂਝੀ ਹੈ, ਚਾਹੇ ਉਹ ਕਿਸੇ ਵੀ ਧਰਮ ਜਾਂ ਵਰਗ ਨਾਲ ਸਬੰਧਿਤ ਹੋਵੇ …… ਮਾਂ ਬੋਲੀ !!

ਆਉ, ਇਸ ਨੂੰ ਰਲ ਕੇ ਸਾਂਭਣ ਦਾ ਫ਼ਰਜ਼ ਨਿਭਾਈਏ ਤਾਂ ਜੋ ਆਪਣੇ ਬੱਚੇ ਆਪਣੇ ਦਾਦਾ -ਦਾਦੀ ਦੀਆਂ ਬਾਤਾਂ ਆਪਣੀ ਅਗਲੀ ਪੀੜ੍ਹੀ ਨੂੰ ਸੁਨਾਉਣ ਲਾਇਕ ਰਹਿ ਜਾਣ ..

ਸਵਰਨਜੀਤ ਕੌਰ([email protected])