-
ਦੱਸ ਗੁਰੂ ਸਾਹਿਬਾਨ - Ten Gurus
-
Thu Dec,2018
ਡੱਬਵਾਲੀ, 27 ਦਸੰਬਰ (ਗੁਰਜੰਟ ਸਿੰਘ ਨਥੇਹਾ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜ਼ਰ ਕੌਰ ਜੀ, ਦੋਨੇਂ ਛੋਟੇ ਸਾਹਿਬਜ਼ਾਦਿਆਂ ਤੋਂ ਇਲਾਵਾ ਠੰਢੇ ਬੁਰਜ 'ਤੇ ਮਾਤਾ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਭਾਈ ਮੋਤੀ ਰਾਮ ਮਹਿਰਾ ਅਤੇ ਛੋਟੇ ਸਾਹਿਬਜਾਦਿਆਂ ਦੇ ਸਰੀਰਾਂ ਦਾ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਮੰਡੀ ਡੱਬਵਾਲੀ ਦੇ ਵਾਰਡ ਨੰ: ੪ ਦੇ ਗੁਰਦੁਆਰਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਚੋਰਮਾਰ ਸਾਹਿਬ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਸਮਾਪਤ ਹੋਇਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਸ਼ਹਿਰ ਦੀ ਚੋਟਾਲਾ ਰੋਡ ਤੋਂ ਹੋਕੇ ਪ੍ਰੇਮ ਨਗਰ, ਅਲੀਕਾਂ, ਮਸੀਤਾਂ, ਸਾਵੰਤ ਖੇੜਾ, ਦੀਵਾਨ ਖੇੜਾ, ਖੂਹੀਆਂ ਮਲਕਾਣਾ, ਮੱਟਦਾਦੂ, ਮਲਕਪੁਰਾ, ਕਿੰਗਰਾ, ਜੰਡਵਾਲਾ ਜਟਾਨ ਹੁੰਦਾ ਹੋਇਆ ਚੋਰਮਾਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਸਮੁੱਚੀਆਂ ਸੰਗਤਾਂ ਦਾ ਗੁਰਦੁਆਰਾ ਸਹਿਬ ਦੇ ਮੁੱਖ ਪ੍ਰਬੰਧਕ ਬਾਬਾ ਗੁਰਪਾਲ ਸਿੰਘ ਜੀ ਦੁਆਰਾ ਭਰਵਾਂ ਸੁਆਗਤ ਕੀਤਾ ਗਿਆ। ਇਸ ਨਗਰ ਕੀਰਤਨ ਮੌਕੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ ਮੰਡੀ ਡੱਬਵਾਲੀ ਵੱਲੋਂ ਮਾਰਸ਼ਲ ਖੇਡ ਗੱਤਕੇ ਦੇ ਜ਼ੋਹਰ ਦਿਖਾਏ ਗਏ ਉੱਥੇ ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਗੁਰਦੀਪ ਸਿੰਘ, ਹਰਦੀਪ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਰਸ ਭਿੰਨਾ ਸ਼ਬਦ ਕੀਰਤਨ ਕੀਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਸੇਵਾ ਦਲ ਵੱਲੋਂ ਫਰੀ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਅਤੇ ਦਲ ਦੇ ਮੈਂਬਰਾਂ ਵੱਲੋਂ ਨਗਰ ਕੀਰਤਨ ਦੌਰਾਨ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਸੇਖੂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਇਸ ਨਗਰ ਦਾ ਮੁੱਖ ਮਕਸਦ ਸ਼ਹੀਦਾਂ ਦੇ ਦਿਹਾੜੇ ਮਨਾਉਣ ਅਤੇ ਧਰਮ ਦਾ ਪ੍ਰਚਾਰ ਕਰਨਾ ਕਿਹਾ। ਉਹਨਾਂ ਕਿਹਾ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਧਰਮ ਦੀ ਖਾਤਿਰ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਧਰਮ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਖੂਹੀਆਂ ਨੇ ਜਿੱਥੇ ਟ੍ਰੈਫਿਕ ਕੰਟਰੋਲ ਕਰਨ ਦੀ ਸੇਵਾ ਕਰ ਰਹੇ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ ਉੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਵਾਰਡ ਨੰਬਰ 4 ਦੇ ਪ੍ਰਧਾਨ ਮਲਕੀਤ ਸਿੰਘ, ਜੋਗਿੰਦਰ ਸਿੰਘ, ਪ੍ਰਿੰਸਪਾਲ ਸਿੰਘ, ਸ਼ਿੰਦਰ ਸਿੰਘ, ਭਾਈ ਗੁਰਜੰਟ ਸਿੰਘ ਸੇਖੂ, ਗੁਰਸੇਵਕ ਸਿੰਘ ਖੂਹੀਆਂ, ਹਰਦੀਪ ਸਿੰਘ ਖੂਹੀਆਂ, ਪ੍ਰਿੰਸ ਸਿੰਘ ਖੂਹੀਆਂ, ਦਵਿੰਦਰ ਸਿੰਘ ਮਸੀਤਾਂ, ਅਮਰਪਾਲ ਸਿੰਘ ਬਹਿਮਣ, ਜਸਵੀਰ ਸਿੰਘ ਤਲਵੰਡੀ ਸਾਬੋ, ਬਚਿੱਤਰ ਸਿੰਘ ਮਸੀਤਾਂ, ਨੌਜਵਾਨਾਂ, ਮਾਤਾਵਾਂ ਆਦਿ ਨੇ ਹਾਜ਼ਰੀ ਭਰੀ।