ਲੁਧਿਆਣਾ ਵਿੱਚ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਗੁਰਮਤਿ ਪ੍ਰਚਾਰ 'ਤੇ ਗਹਿਰਾ ਵਿਚਾਰ
- ਪੰਜਾਬ
- 28 Feb,2025

ਅੱਜ 28 ਫਰਵਰੀ 2025 ਨੂੰ “ਗੁਰਮਤਿ ਗਿਆਨ ਮਿਸ਼ਨਰੀ ਕਾਲਜ” ਵਲੋਂ ਰਾਮਗੜੀਆ ਗਰਲਜ਼ ਕਾਲਜ, ਮਿਲਰ ਗੰਜ, ਲੁਧਿਆਣਾ ਦੇ ਬਾਬਾ ਗੁਰਮੱਖ ਸਿੰਘ ਹਾਲ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਗੋਸ਼ਟੀ “ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ”, “ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ” ਅਤੇ “ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ” ਵਲੋਂ ਸਾਂਝੇ ਤੌਰ ‘ਤੇ ਕਰਵਾਈ ਗਈ।
ਪ੍ਰੋਗਰਾਮ ਦੀ ਸ਼ੁਰੂਆਤ ਰਾਣਾ ਇੰਦਰਜੀਤ ਸਿੰਘ ਵਲੋਂ ਮਿਸ਼ਨਰੀ ਵੀਰਾਂ ਨੂੰ “ਜੀ ਆਇਆਂ ਨੂੰ” ਆਖ ਕੇ ਕੀਤੀ ਗਈ, ਜਦਕਿ ਸਟੇਜ ਸੰਚਾਲਨ ਸੁਖਵਿੰਦਰ ਸਿੰਘ ਦਦੇਹਰ ਵਲੋਂ ਕੀਤਾ ਗਿਆ।
ਸਿੱਖ ਰਹਿਤ ਮਰਿਆਦਾ – ਪੰਥ ਦੀ ਏਕਤਾ ਦੀ ਕੁੰਜੀ
“ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ” ਵਲੋਂ ਡਾ. ਗੁਰਮੇਲ ਸਿੰਘ ਜੀ ਨੇ “ਇਤਿਹਾਸਕ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ” ਵਿਸ਼ੇ ‘ਤੇ ਲੈਕਚਰ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਿੱਖ ਰਹਿਤ ਮਰਿਆਦਾ ਪੰਥ ਦੀ ਏਕਤਾ ਦੀ ਕੁੰਜੀ ਹੈ ਅਤੇ ਗੁਰਦੁਆਰੇ ਸਿੱਖਾਂ ਦੇ ਕੇਂਦਰੀ ਸੰਸਥਾਨ ਹਨ।
ਸੇਵਾ – ਸਿੱਖੀ ਦਾ ਥੰਮ੍ਹਣਾ
“ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ” ਵਲੋਂ ਭਾਈ ਨਛੱਤਰ ਸਿੰਘ ਜੀ ਨੇ “ਗੁਰਬਾਣੀ ਅਤੇ ਇਤਿਹਾਸ ਵਿੱਚ ਸੇਵਾ ਸੰਕਲਪ ਦੀ ਵਿਸ਼ਾਲਤਾ” ਵਿਸ਼ੇ ‘ਤੇ ਆਪਣਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਨੇ ਸੇਵਾ ਨੂੰ ਸਿੱਖੀ ਦਾ ਮੁੱਖ ਅੰਗ ਦੱਸਦੇ ਹੋਏ, ਇਸ ਦੀ ਮਹੱਤਾ ਨੂੰ ਉਜਾਗਰ ਕੀਤਾ।
ਭਗਤ ਬਾਣੀ ‘ਚ ਕਰਮ ਕਾਂਡ ਦਾ ਖੰਡਨ
“ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ” ਵਲੋਂ ਪ੍ਰਿੰਸੀਪਲ ਬਲਜੀਤ ਸਿੰਘ ਨੇ “ਭਗਤ ਬਾਣੀ ‘ਚ ਕਰਮ ਕਾਂਡ ਦੇ ਖੰਡਨ ਅਤੇ ਗੁਰਮਤਿ ਦੀ ਦ੍ਰਿੜਤਾ” ਵਿਸ਼ੇ ‘ਤੇ ਲੈਕਚਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਗਤਾਂ ਨੇ ਆਮ ਜਨ ਨੂੰ ਜਾਗਰੂਕ ਕਰਕੇ ਬ੍ਰਾਹਮਣਵਾਦ ਅਤੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ।
ਗੁਰਮਤਿ ਪ੍ਰਚਾਰ ‘ਚ ਮਿਸ਼ਨਰੀ ਕਾਲਜਾਂ ਦੀ ਭੂਮਿਕਾ
“ਗੁਰਮਤਿ ਗਿਆਨ ਮਿਸ਼ਨਰੀ ਕਾਲਜ” ਵਲੋਂ ਪ੍ਰਿੰਸੀਪਲ ਗੁਰਬਚਨ ਸਿੰਘ ਨੇ “ਗੁਰਮਤਿ ਪ੍ਰਚਾਰ ਵਿੱਚ ਮਿਸ਼ਨਰੀ ਕਾਲਜਾਂ ਦੀ ਭੂਮਿਕਾ” ਵਿਸ਼ੇ ‘ਤੇ ਆਪਣਾ ਲੈਕਚਰ ਪੇਸ਼ ਕੀਤਾ। ਉਨ੍ਹਾਂ ਨੇ ਸਿੱਖ ਮਿਸ਼ਨਰੀਆਂ ਵਲੋਂ ਗੁਰਦੁਆਰਿਆਂ ਦੀ ਆਜ਼ਾਦੀ ਅਤੇ ਮੂਰਤੀ ਪੂਜਾ ਖ਼ਤਮ ਕਰਵਾਉਣ ਲਈ ਦਿੱਤੀਆਂ ਕੁਰਬਾਨੀਆਂ ‘ਤੇ ਚਾਨਣ ਪਾਈ।
ਸਿੱਖ ਮਿਸ਼ਨਰੀਆਂ ਦੀ ਜ਼ਿੰਮੇਵਾਰੀ – ਸਰਬਜੀਤ ਸਿੰਘ ਧੂੰਦਾ
ਆਖਰ ‘ਚ ਸਰਬਜੀਤ ਸਿੰਘ ਧੂੰਦਾ ਨੇ ਗੁਰਮਤਿ ਪ੍ਰਚਾਰ ਦੀ ਮਹੱਤਾ ਬਿਆਨ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਗੁਰਮਤਿ ਦੇ ਸਹੀ ਪ੍ਰਚਾਰ ਦੀ ਜ਼ਿੰਮੇਵਾਰੀ “ਸਿੱਖ ਮਿਸ਼ਨਰੀ” ਨੂੰ ਦਿੱਤੀ ਹੈ।
ਵਿਦਵਾਨਾਂ ਦੀ ਹਾਜ਼ਰੀ ਅਤੇ ਧੰਨਵਾਦ ਸਮਾਰੋਹ
ਇਸ ਸਾਂਝੀ ਵਿਚਾਰ ਗੋਸ਼ਟੀ ਵਿੱਚ ਦੇਸ਼-ਵਿਦੇਸ਼ ਤੋਂ ਆਏ ਮਿਸ਼ਨਰੀ ਵੀਰਾਂ-ਭੈਣਾਂ ਅਤੇ ਵਿਦਵਾਨਾਂ ਨੇ ਭਾਗ ਲਿਆ। ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਆਈਆਂ ਸੰਗਤਾਂ ਨੂੰ “ਜੀ ਆਇਆਂ ਨੂੰ” ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਅਮਰਜੀਤ ਸਿੰਘ ਵਾਈਸ ਚੇਅਰਮੈਨ, ਜੋਗਿੰਦਰ ਸਿੰਘ ਚੇਅਰਮੈਨ ਚੌਤਾਂ ਕਾਲਜ, ਸਤਿੰਦਰ ਕੌਰ, ਗੁਰਜੀਤ ਸਿੰਘ ਆਜਾਦ, ਪਰਮਜੀਤ ਸਿੰਘ ਚੰਡੀਗੜ੍ਹ, ਪ੍ਰਿੰਸੀਪਲ ਚਰਨਜੀਤ ਸਿੰਘ, ਨਰਿੰਦਰ ਸਿੰਘ ਜਰਮਨੀ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਡਾਕਟਰ ਕਮਲਜੀਤ ਕੌਰ ਲੋਹਾਰਾਂ ਚਾਹੜਕੇ, ਗੁਰਨੇਕ ਸਿੰਘ ਰੀਟਾਇਰਡ ਪ੍ਰਿੰਸੀਪਲ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ, ਗੁਰਮਤਿ ਗਿਆਨ ਚੈਰੀਟੇਬਲ ਟਰੱਸਟ ਦੇ ਟਰੱਸਟੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਅਧਿਆਪਕ ਅਤੇ ਪ੍ਰਬੰਧਕ ਵੀਰਾਂ ਨੇ ਹਾਜ਼ਰੀ ਭਰੀ। ਡਾ: ਅਜੀਤ ਕੌਰ ਪ੍ਰਿੰਸੀਪਲ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਜੀ ਦਾ ਬਹੁਤ ਸਹਿਯੋਗ ਰਿਹਾ।
Posted By:

Leave a Reply