ਦੇਵਤਿਆਂ ਵਰਗਾ, ਰੱਜੀ ਰੂਹ, ਦੀਨ -ਦੁਖੀ ਦੀ ਮਦਦ ਕਰਨ ਵਾਲਾ, ਅਣਥੱਕ, ਕੁਸ਼ਲ ਮੁਲਾਜ਼ਮ ਅਤੇ ਸੁਲਝਿਆ ਹੋਇਆ ਜਥੇਬੰਦਕ ਆਗੂ ਸੀ ਸ :ਹਰਬੰਸ ਸਿੰਘ ਸਿੱਧੂ |ਕੋਈ ਉਸ ਨੂੰ ਹਰਬੰਸ ਆਖਦਾ, ਕੋਈ ਸਿੱਧੂ ਸਾਹਿਬ ਕਹਿ ਬੁਲਾਉਂਦਾ, ਕੋਈ ਪ੍ਰਧਾਨ ਸਾਹਿਬ ਕਹਿੰਦਾ, ਕੋਈ ਬੰਗੀ ਸਾਹਿਬ , ਪਿੰਡ ਵਾਲਿਆਂ ਲਈ ਇਹ ਹੀਰਾ ਇਨਸਾਨ 'ਬੰਸਾ' ਸੀ |ਪਿਛਲੇ ਦਿਨੀ ਇਹ ਸਰਵਗੁਣ ਸੰਪਨ ਹਸਤੀ, ਬੇਬਾਕ ਤੇ ਟੱਲੀ ਵਾਂਗੂ ਖੜਕਦੀ ਆਵਾਜ਼ ਸਦਾ ਲਈ ਖਾਮੋਸ਼ ਹੋ ਗਈ |ਚਾਰੇ ਪਾਸੇ ਨਾਮਣਾ ਖੱਟਣ ਵਾਲੇ ਜ਼ਿੰਦਾਦਿਲ ਇਨਸਾਨ ਸ:ਹਰਬੰਸ ਸਿੰਘ ਸਿੱਧੂ ਦਾ ਜਨਮ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ ) ਵਿਖੇ ਪਿਤਾ ਸ :ਬਲਵਿੰਦਰ ਸਿੰਘ ਸਿੱਧੂ ਦੇ ਗ੍ਰਹਿ ਸਥਾਨ ਅਤੇ ਮਾਤਾ ਸੁਖਦੇਵ ਕੌਰ ਸਿੱਧੂ ਦੀ ਸੁਲੱਖਣੀ ਕੁੱਖੋਂ 15/04/1963 ਨੂੰ ਹੋਇਆ| ਆਪ ਪੰਜ ਭੈਣ -ਭਰਾਵਾਂ 'ਚ ਸਭ ਤੋਂ ਵੱਡੇ ਸਨ |ਨੰਨ੍ਹੇ ਕਦਮਾਂ ਨਾਲ ਤੁਰ ਕੇ ਪਿੰਡ ਬੰਗੀ ਕਲਾਂ ਦੇ ਸਕੂਲ ਤੋਂ ਮਿਡਲ ਤੱਕ ਦੀ ਪੜ੍ਹਾਈ ਕਰ ਕੇ ਆਪ ਰੈਕ ਵਿਭਾਗ 'ਚ 1977 'ਚ ਭਰਤੀ ਹੋ ਕੇ 1979 ਤੱਕ ਭਦੌੜ,ਸਹਿਣਾ,ਮੌੜ, ਰਾਮਾ ਆਦਿ ਥਾਵਾਂ 'ਤੇ ਹੱਥੀਂ ਟੋਏ ਪੁੱਟ ਕੇ ਬਿਜਲੀ ਦੇ ਖੰਭੇ ਲਾ ਕੇ /ਨਵੀਆਂ ਤਾਰਾਂ ਪਾ ਕੇ ਘਰ -ਘਰ ਬਿਜਲੀ ਪਹੁੰਚਉਣ 'ਚ ਬਣਦਾ ਯੋਗਦਾਨ ਪਾਇਆ |ਇਸ ਸੰਘਰਸ਼ੀ ਵਕਤ ਦੌਰਾਨ ਅਣਖਿਝ ਤੇ ਅਣਥੱਕ ਨੌਜਵਾਨ ਨੇ ਬੰਗੀ ਤੋਂ ਮੌੜ ਤੱਕ ਦਾ ਸਫ਼ਰ ਸਾਈਕਲ ਚਲਾ ਕੇ ਤਹਿ ਕੀਤਾ |ਘਰ -ਘਰ ਰੋਸ਼ਨੀ ਵੰਡਣ ਵਾਲੇ ਪੰਜਾਬ ਰਾਜ ਬਿਜਲੀ ਬੋਰਡ 'ਚ ਆਪ ਮੌੜ ਵਿਖੇ 19/10/1981 ਨੂੰ ਬਤੌਰ ਡੇਲੀ ਵੇਜ ਭਰਤੀ ਹੋਏ ਅਤੇ 06/01/1988 ਨੂੰ ਵਰਕਚਾਰਜ ਦੀ ਅਸਾਮੀ 'ਤੇ ਉਪ ਮੰਡਲ ਰਾਮਾ ਵਿਖੇ ਹਾਜ਼ਰ ਹੋਏ |ਤਰੱਕੀ ਕਰ ਕੇ 12/08/1997 ਨੂੰ ਸਹਾਇਕ ਲਾਈਨਮੈਨ ਬਣੇ ਅਤੇ 28/04/2017 ਨੂੰ ਤਰੱਕੀ ਕਰ ਕੇ ਬਤੌਰ ਲਾਈਨਮੈਨ ਬਣੇ| ਆਪ ਨੇ ਰਾਮਾ ਉਪ ਮੰਡਲ ਦੇ ਸ਼ਿਕਾਇਤ ਕੇਂਦਰ ਕੋਟ ਬਖਤੂ ਵਿਖੇ ਲਗਾਤਾਰ 23 ਸਾਲ ਸ਼ਾਨਦਾਰ ਤੇ ਬੇਦਾਗ ਨੌਕਰੀ ਕੀਤੀ |ਸਾਥੀ ਮੁਲਾਜ਼ਮਾਂ, ਉੱਚ ਅਧਿਕਾਰੀਆਂ ਅਤੇ ਲੋਕਾਂ ਵੱਲੋਂ ਬਹੁਤ ਮਾਣ -ਸਨਮਾਨ ਮਿਲਿਆ|ਜੀਵਨ ਭਰ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਵਿਭਾਗੀ ਕੰਮ ਕਰਨ ਵਾਲੇ ਹਰਬੰਸ ਸਿੰਘ ਸਿੱਧੂ ਇਨਕਲਾਬੀ ਗਰੁੱਪ ਮੱਖੂ ਦੀ ਰਹਿਨੁਮਾਈ ਵਾਲੀ ਜਥੇਬੰਦੀ ਟੀ. ਐਸ. ਯੂ. ਦੇ ਨਿਧੜਕ ਆਗੂ ਵਜੋਂ ਉਪ ਮੰਡਲ ਰਾਮਾ ਦੇ ਤਿੰਨ ਵਾਰ ਪ੍ਰਧਾਨ ਰਹੇ ਅਤੇ ਇੱਕ ਵਾਰ ਮੌੜ ਡਵੀਜ਼ਨ ਦੇ ਪ੍ਰਧਾਨ ਵਜੋਂ ਬੇਮਿਸਾਲ ਸੇਵਾ ਕੀਤੀ | ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਲਈ ਆਪ ਨੇ ਮੋਹਰਲੀ ਕਤਾਰ 'ਚ ਖੜ੍ਹ ਕੇ ਮੌਕੇ ਦੀ ਹਕੂਮਤ ਨਾਲ ਨਿੱਡਰ ਹੋ ਕੇ ਮੱਥਾ ਲਾਇਆ ਤੇ ਸਾਥੀ ਮੁਲਾਜ਼ਮਾਂ ਦੇ ਭਖਵੇਂ ਮਸਲੇ ਹੱਲ ਕਰਵਾਏ |ਮਿੱਠ ਬੋਲੜੇ ਅਤੇ ਨੇਕ ਸੁਭਾਅ ਦੇ ਮਾਲਕ ਹਰਬੰਸ ਸਿੰਘ ਸਿੱਧੂ ਦਾ ਵਿਆਹ 1990 'ਚ ਪਿੰਡ ਹੱਸੂ ਦੇ ਸ: ਸੰਪੂਰਨ ਸਿੰਘ ਦੀ ਧੀ ਮਨਜੀਤ ਕੌਰ ਨਾਲ ਹੋਇਆ| ਇਹਨਾਂ ਦੀ ਪਰਿਵਾਰਕ ਫੁਲਵਾੜੀ ਨੂੰ ਧੀ ਮਨਪ੍ਰੀਤ ਕੌਰ ਤੇ ਲਾਇਕ ਪੁੱਤਰ ਜਸਪ੍ਰੀਤ ਸਿੰਘ ਜੱਸੀ ਨੇ ਖੂਬ ਮਹਿਕਾਇਆ |ਆਪਣੇ ਪਿਤਾ ਵਾਂਗ ਯਾਰਾਂ ਦਾ ਯਾਰ ਤੇ ਪਿੰਡ ਦਾ ਨਾਂ ਕੌਮਾਂਤਰੀ ਪੱਧਰ 'ਤੇ ਰੁਸ਼ਨਾਉਂਣ ਵਾਲਾ ਅੰਤਰਰਾਸ਼ਟਰੀ ਵਾਲੀਬਾਲ ਖਿਡਾਰੀ ਜਸਪ੍ਰੀਤ ਸਿੰਘ ਜੱਸੀ ਅੱਜਕੱਲ੍ਹ ਕੈਨੇਡਾ ਵਿਖੇ ਖੇਡਣ ਦੇ ਨਾਲ -ਨਾਲ ਸੋਹਣਾ ਕਾਰੋਬਾਰ ਕਰ ਰਿਹਾ ਹੈ |ਬੇਟੀ ਮਨਪ੍ਰੀਤ ਕੌਰ ਵੀ ਕੈਨੇਡਾ ਵਿਖੇ ਸੈੱਟਲ ਹੈ |ਜੀਵਨ 'ਚ ਸ :ਹਰਬੰਸ ਸਿੰਘ ਸਿੱਧੂ ਨੇ ਪੂਰੀ ਇਮਾਨਦਾਰੀ ਨਾਲ ਆਪਣੀ ਵਿਭਾਗੀ ਡਿਊਟੀ ਕੀਤੀ,ਕੁਝ ਸਮਾਂ ਖੇਤੀ ਵੀ ਕੀਤੀ,ਸਫਲਤਾ ਸਹਿਤ ਫਲੋਰ ਮਿੱਲ ਚਲਾਈ, ਸਮਾਜ ਸੇਵਾ ਕੀਤੀ ਅਤੇ ਪਿਛਲੇ ਸਾਲ ਪੰਜ ਮਹੀਨੇ ਕੈਨੇਡਾ ਵਿਖੇ ਵੀ ਬਿਤਾਏ|ਆਪ ਪਰਮਾਤਮਾ ਦੁਆਰਾ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 31/12/2023 ਨੂੰ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 09/01/2024(ਮੰਗਲਵਾਰ )ਨੂੰ ਗੁਰਦੁਆਰਾ ਸਿੰਘ ਸਭਾ ਸਾਹਿਬ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ )ਵਿਖ਼ੇ ਹੋਵੇਗੀ, ਜਿੱਥੇ ਵਿੱਛੜੀ ਰੂਹ ਨੂੰ ਪਰਿਵਾਰ ਜੀਅ, ਰਿਸ਼ਤੇਦਾਰ , ਰਾਜਸੀ ਆਗੂ, ਧਾਰਮਿਕ ਹਸਤੀਆਂ, ਮੁਲਾਜ਼ਮ, ਜਥੇਬੰਦੀਆਂ ਸ਼ਰਧਾਂਜਲੀ ਭੇਂਟ ਕਰਨਗੇ |ਲੇਖਕ :ਲੈਕਚਰਾਰ ਤਰਸੇਮ ਸਿੰਘ ਬੁੱਟਰ