ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਪੰਜਾਬ ਸਰਕਾਰ ਜਾਂਚ CBI ਹਵਾਲੇ ਕਰੇ- ਐਡਵੋਕੇਟ ਧਾਮੀ

ਸ੍ਰੀ ਅਨੰਦਪੁਰ ਸਾਹਿਬ ਮਾਮਲਾ: ਪੰਜਾਬ ਸਰਕਾਰ ਜਾਂਚ CBI ਹਵਾਲੇ ਕਰੇ- ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ। ਇਕੱਤਰਤਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਜਾਂਚ CBI ਨੂੰ ਸੌਂਪੇ ਜਾਣ, ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਨਿਰਦੇਸ਼ ਦੇਣ ਅਤੇ ਗੁਰਦੁਆਰਾ ਪ੍ਰਬੰਧ ਲਈ ਪੰਜਾਬ ਦਾ ਵੱਖਰਾ ਐਕਟ ਬਣਾਉਣ ਸਬੰਧੀ ਬਿਆਨਬਾਜ਼ੀ ਦੇ ਮਾਮਲੇ ’ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮੀਰੀ ਪੀਰੀ ਖਾਲਸਾ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਅਤੇ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਤੇ ਸੰਗਤਾਂ ਪ੍ਰਤੀ ਧੰਨਵਾਦੀ ਮਤਾ ਪਾਸ ਕੀਤਾ ਗਿਆ।

ਸ੍ਰੀ ਅਨੰਦਪੁਰ ਸਾਹਿਬ ਮਾਮਲੇ ਦੀ CBI ਜਾਂਚ ਦੀ ਮੰਗ

ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਵਿੱਚ ਇੱਕ ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਸਬੰਧੀ ਪਰਚਾ ਦਰਜ ਹੋਣ ਤੋਂ ਬਾਅਦ ਇਸ ਦੀ ਜਾਂਚ ਨਿਰਪੱਖ ਜਾਂਚ ਏਜੰਸੀ ਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਵਿਸ਼ਿਆਂ ਨੂੰ ਸੋਸ਼ਲ ਮੀਡੀਆ ਟਰਾਇਲ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਕੁਝ ਧਿਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ’ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ, ਜਦਕਿ ਪੰਜਾਬ ਸਰਕਾਰ ਵੱਲੋਂ ਪੁਲਿਸ ਦੁਆਰਾ ਕਰਵਾਈ ਜਾ ਰਹੀ ਜਾਂਚ ’ਤੇ ਵੀ ਲੋਕਾਂ ਦਾ ਭਰੋਸਾ ਨਹੀਂ ਹੈ। ਇਸ ਲਈ ਅੰਤ੍ਰਿੰਗ ਕਮੇਟੀ ਨੇ ਪੰਜਾਬ ਸਰਕਾਰ ਤੋਂ ਇਸ ਕੇਸ ਦੀ ਜਾਂਚ CBI ਨੂੰ ਸੌਂਪਣ ਦੀ ਮੰਗ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਪ੍ਰਬੰਧਕੀ ਤੌਰ ’ਤੇ ਆਪਣੀ ਜਾਂਚ ਜਾਰੀ ਰੱਖੇਗੀ, ਜਦਕਿ CBI ਵੱਲੋਂ ਮਾਮਲੇ ਦੇ ਹਰ ਪੱਖ ਨੂੰ ਵਾਚ ਕੇ ਨਿਰਪੱਖ ਫੈਸਲਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤਿੰਨ ਦਿਨਾਂ ਵਿੱਚ ਜਾਂਚ CBI ਨੂੰ ਨਹੀਂ ਸੌਂਪਦੀ ਤਾਂ ਅਗਲੇ ਦਿਨਾਂ ਵਿੱਚ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਸਬੰਧੀ ਮੰਗ ਕੀਤੀ ਜਾਵੇਗੀ।

ਪਿਛਲੇ ਸਮੇਂ ਤੋਂ ਆਪਣੀ ਚੁੱਪ ਬਾਰੇ ਹੋ ਰਹੀ ਚਰਚਾ ਸਬੰਧੀ ਉਨ੍ਹਾਂ ਕਿਹਾ ਕਿ ਜਦੋਂ ਦਰਜ ਹੋਇਆ ਕੇਸ ਜਾਂਚ ਦਾ ਵਿਸ਼ਾ ਹੋਵੇ ਤਾਂ ਜਾਂਚ ਨਾਲ ਸਬੰਧਤ ਤੱਥ ਪਹਿਲਾਂ ਜਨਤਕ ਕਰਨਾ ਠੀਕ ਨਹੀਂ।

ਭਾਈ ਰਾਜੋਆਣਾ ਦੇ ਮਾਮਲੇ ’ਤੇ ਵੀ ਵਿਚਾਰ

ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਭਾਈ ਰਾਜੋਆਣਾ ਵੱਲੋਂ ਉਨ੍ਹਾਂ ਸਬੰਧੀ ਸ਼੍ਰੋਮਣੀ ਕਮੇਟੀ ਦੀ ਪਾਈ ਗਈ ਪਟੀਸ਼ਨ ਵਾਪਸ ਲੈਣ ਬਾਰੇ ਗੁਰਮਤਿ ਅਨੁਸਾਰ ਪ੍ਰਗਟ ਕੀਤੀ ਭਾਵਨਾ ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਗੰਭੀਰਤਾ ਨਾਲ ਵਿਚਾਰਿਆ ਗਿਆ।

ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਭਾਈ ਰਾਜੋਆਣਾ ਵੱਲੋਂ ਗੁਰਮਤਿ ਦੀ ਰੌਸ਼ਨੀ ਵਿੱਚ ਦਿੱਤੀਆਂ ਗਈਆਂ ਦਲੀਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੈ। ਹਾਲਾਂਕਿ ਇਹ ਅਪੀਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪਾਈ ਗਈ ਸੀ, ਇਸ ਲਈ ਅੰਤ੍ਰਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗੁਰਮਤਿ ਦੇ ਫਲਸਫੇ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਆਦੇਸ਼ ਦੇਣ ਦੀ ਅਪੀਲ ਕੀਤੀ ਹੈ।

ਇਸ ਮੌਕੇ ਐਡਵੋਕੇਟ ਧਾਮੀ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨੂੰ ਮਿਲਣ ਲਈ ਸਰਕਾਰ ਨੂੰ ਤੁਰੰਤ ਪੈਰੋਲ ਦੇਣ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ 2 ਅਕਤੂਬਰ ਨੂੰ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਜਾ ਰਹੇ ਖ਼ਾਲਸਾ ਮਾਰਚ ਨੂੰ ਪੂਰਨ ਤੌਰ ’ਤੇ ਹਮਾਇਤ ਦੇਣ ਦਾ ਐਲਾਨ ਕੀਤਾ।

ਪੰਜਾਬ ਦੇ ਵੱਖਰੇ ਐਕਟ ਦੀ ਮੰਗ ’ਤੇ ਇਤਰਾਜ਼

ਐਡਵੋਕੇਟ ਧਾਮੀ ਨੇ ਕੁਝ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਪੰਜਾਬ ਐਕਟ ਬਣਾਉਣ ਦੀ ਕੀਤੀ ਜਾ ਰਹੀ ਮੰਗ ’ਤੇ ਵੀ ਕਰੜਾ ਇਤਰਾਜ਼ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਇੱਕ ਸਦੀ ਪੁਰਾਣੀ ਸੰਸਥਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ਸਰਕਾਰ ਨਾਲ ਸਬੰਧਤ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਇਹ ਚੋਣਾਂ ਸਮੇਂ ਸਿਰ ਕਰਵਾਉਣ ਲਈ ਕਈ ਵਾਰ ਮੰਗ ਕਰ ਚੁੱਕੀ ਹੈ ਅਤੇ ਹੁਣ ਵੀ ਕਰਦੀ ਹੈ।

ਮੀਰੀ ਪੀਰੀ ਖਾਲਸਾ ਮਾਰਚ ਲਈ ਸੰਗਤਾਂ ਦਾ ਧੰਨਵਾਦ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜਾਬ ਦੇ ਮੁੱਦਿਆਂ, ਸਮੱਸਿਆਵਾਂ ਅਤੇ ਚੁਣੌਤੀਆਂ ਦੇ ਟਾਕਰੇ ਅਤੇ ਪੰਥਕ ਚੇਤਨਾ ਲਈ ਮੀਰੀ ਪੀਰੀ ਖਾਲਸਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਅਤੇ ਸਹਿਯੋਗ ਲਈ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਮੀਰੀ ਪੀਰੀ ਖਾਲਸਾ ਮਾਰਚ ਵਿੱਚ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦੌਰਾਨ ਨੌਜੁਆਨਾਂ ਨਾਲ ਸਿੱਧਾ ਸੰਵਾਦ ਹੋਇਆ ਅਤੇ ਪੰਜਾਬ ਨੂੰ ਦਰਪੇਸ਼ ਕਈ ਵੱਡੀਆਂ ਚੁਣੌਤੀਆਂ ਦੀ ਨਿਸ਼ਾਨਦੇਹੀ ਵੀ ਹੋਈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੀਆਂ ਸੱਥਾਂ ਵਿੱਚ ਲੋਕਾਂ ਨੂੰ ਮਿਲਦਿਆਂ ਮਾਰੂ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਦੀ ਤਬਾਹੀ ਦਾ ਸੱਚ ਸਾਹਮਣੇ ਆਇਆ।

ਉਨ੍ਹਾਂ ਕਿਹਾ ਕਿ ਚਿੱਟੇ ਵਰਗੇ ਮਾਰੂ ਨਸ਼ੇ ਆਮ ਮਿਲ ਰਹੇ ਹਨ, ਜਿਸ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਉਨ੍ਹਾਂ ਅਨੁਸਾਰ ਖਾਲਸਾ ਮਾਰਚ ਦੌਰਾਨ ਬਹੁਤ ਸਾਰੇ ਨੌਜੁਆਨਾਂ ਨੇ ਸਾਬਤ ਸੂਰਤ ਹੋਣ ਅਤੇ ਨਸ਼ਿਆਂ ਦਾ ਤਿਆਗ ਕਰਨ ਦਾ ਪ੍ਰਣ ਕੀਤਾ।

ਇਕੱਤਰਤਾ ਵਿੱਚ ਸੈਕਸ਼ਨ 85, ਸੈਕਸ਼ਨ 87, ਟਰੱਸਟ ਅਤੇ ਵਿਦਿਆ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਦੇ ਕੰਮਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ।