ਧੂਰੀ,10 ਅਕਤੂਬਰ (ਮਹੇਸ਼ ਜਿੰਦਲ) ਇਲਾਕੇ ਦੇ ਗੰਨਾ ਕਾਸ਼ਤਕਾਰਾਂ ਵੱਲੋਂ ਧੂਰੀ ਖੰਡ ਮਿੱਲ ਵੱਲ ਰਹਿੰਦੇ ਆਪਣੇ ਕਰੋੜਾਂ ਰੁਪਏ ਦਾ ਬਕਾਇਆ ਲੈਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਇਸ ਦੇ ਬਾਵਜੂਦ ਮਿੱਲ ਪ੍ਰਬੰਧਕਾਂ ਵੱਲੋਂ ਬਾਰ-ਬਾਰ ਭਰੋਸਾ ਦਿੱਤਾ ਜਾਣ ਦੇ ਬਾਵਜੂਦ ਆਪਣੇ ਭਰੋਸੇ ਨੂੰ ਤੋੜਿਆ ਜਾ ਰਿਹਾ ਹੈ ਅਤੇ ਅੱਕੇ ਹੋਏ ਗੰਨਾ ਕਾਸ਼ਤਕਾਰਾਂ ਵੱਲੋਂ ਬੀਤੀ ਕੱਲ ਕਰੋੜਾਂ ਰੁਪਏ ਦੀ ਅਦਾਇਗੀ ਕਰਵਾਉਣ ਲਈ ਮੁੜ ਮਿੱਲ ਅੰਦਰ ਦਿੱਤਾ ਜਾ ਰਿਹਾ ਧਰਨਾ ਅੱਜ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ 2 ਗੰਨਾ ਕਾਸ਼ਤਕਾਰ ਅਦਾਇਗੀ ਦੀ ਮੰਗ ਨੂੰ ਲੈ ਕੇ ਮਿੱਲ ਦੀ ਚਿਮਨੀ ਉੱਪਰ ਜਾ ਚੜੇ। ਇਸ ਮੌਕੇ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਕਿਹਾ ਕਿ ਮਿੱਲ ਪ੍ਰਬੰਧਕਾਂ ਵੱਲੋਂ ਹਾਲੇ ਵੀ ਕਿਸਾਨਾਂ ਦਾ ਕਰੀਬ ਸਾਢੇ ਨੌਂ ਕਰੋੜ ਰੁਪਏ ਬਕਾਇਆ ਰਹਿੰਦਾ ਹੈ, ਪਰ ਮਿੱਲ ਪ੍ਰਬੰਧਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਵਾਅਦਾ ਖ਼ਿਲਾਫ਼ੀ ਕਰ ਰਹੇ ਹਨ ਅਤੇ ਜੇਕਰ ਪ੍ਰਬੰਧਕਾਂ ਨੇ ਤੁਰੰਤ ਰਹਿੰਦੀ ਅਦਾਇਗੀ ਨਾ ਕੀਤੀ ਤਾਂ ਕਿਸਾਨ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸੰਬੰਧੀ ਐੱਸ.ਐੱਚ.ਓ ਸਿਟੀ ਧੂਰੀ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਗ਼ੱੁਸੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।