PM ਮੋਦੀ ਅੱਜ SEMICON India 2026 ਦਾ ਕਰਨਗੇ ਉਦਘਾਟਨ, 600 ਤੋਂ ਵੱਧ ਪ੍ਰਦਰਸ਼ਕ ਲੈਣਗੇ ਹਿੱਸਾ
- ਰਾਸ਼ਟਰੀ
- (Asia/Kolkata)
Punjabinfoline: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ SEMICON India 2026 ਦੇ 5ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਤਿੰਨ ਦਿਨਾਂ ਇਹ ਸਮਾਗਮ 17 ਤੋਂ 19 ਸਤੰਬਰ ਤੱਕ ਚੱਲੇਗਾ। ਇਸ ਵਿੱਚ ਦੁਨੀਆ ਭਰ ਦੀਆਂ ਸੈਮੀਕੰਡਕਟਰ ਕੰਪਨੀਆਂ, ਨੀਤੀ-ਨਿਰਮਾਤਾ, ਨਿਵੇਸ਼ਕ, ਖੋਜਕਰਤਾ, ਸਟਾਰਟਅੱਪ, ਅਕਾਦਮਿਕ ਖੇਤਰ ਨਾਲ ਜੁੜੇ ਮਾਹਿਰ ਅਤੇ ਵਿਦਿਆਰਥੀ ਹਿੱਸਾ ਲੈਣਗੇ।
ਇਸ ਸਾਲ ਦਾ ਥੀਮ “Silicon to Systems: Building the Ecosystem” ਰੱਖਿਆ ਗਿਆ ਹੈ। ਸਮਾਗਮ ਦਾ ਆਯੋਜਨ ਇੰਡੀਆ ਸੈਮੀਕੰਡਕਟਰ ਮਿਸ਼ਨ (ISM), ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (MeitY) ਅਤੇ ਸੈਮੀਕੰਡਕਟਰ ਉਦਯੋਗ ਦੀ ਗਲੋਬਲ ਐਸੋਸੀਏਸ਼ਨ SEMI ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾ ਰਿਹਾ ਹੈ।
600 ਤੋਂ ਵੱਧ ਪ੍ਰਦਰਸ਼ਕ ਅਤੇ 300 ਅੰਤਰਰਾਸ਼ਟਰੀ ਕੰਪਨੀਆਂ
SEMICON India 2026 ਵਿੱਚ 600 ਤੋਂ ਵੱਧ ਪ੍ਰਦਰਸ਼ਕ ਹਿੱਸਾ ਲੈਣਗੇ, ਜਿਨ੍ਹਾਂ ਵਿੱਚ ਕਰੀਬ 300 ਅੰਤਰਰਾਸ਼ਟਰੀ ਕੰਪਨੀਆਂ ਸ਼ਾਮਲ ਹਨ। 15,000 ਵਰਗ ਮੀਟਰ ਵਿੱਚ ਲੱਗਣ ਵਾਲੀ ਪ੍ਰਦਰਸ਼ਨੀ ਵਿੱਚ 150 ਤੋਂ ਵੱਧ ਬੁਲਾਰੇ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਖੇਤਰ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕਰਨਗੇ।
ਪ੍ਰਦਰਸ਼ਨੀ ਵਿੱਚ 6 ਦੇਸ਼ਾਂ ਅਤੇ 12 ਸੂਬਿਆਂ ਦੇ ਸਰਕਾਰੀ ਪੈਵਿਲੀਅਨ ਵੀ ਹੋਣਗੇ। ਇਸ ਤੋਂ ਇਲਾਵਾ ਸਟਾਰਟਅੱਪ ਸ਼ੋਕੇਸ, ਇਨੋਵੇਸ਼ਨ ਸ਼ੋਕੇਸ, ਸਟੂਡੈਂਟ ਹੈਕਾਥਾਨ, ਵਰਕਫੋਰਸ ਡਿਵੈਲਪਮੈਂਟ ਪੈਵਿਲੀਅਨ ਅਤੇ ਮਹਿਲਾਵਾਂ ਲਈ ਵਿਸ਼ੇਸ਼ ਫੋਰਮ ਵੀ ਆਯੋਜਿਤ ਕੀਤੇ ਜਾਣਗੇ।
‘Sand to Silicon to Systems’ ਹੋਵੇਗਾ ਖਾਸ ਆਕਰਸ਼ਣ
ਪ੍ਰਦਰਸ਼ਨੀ ਵਿੱਚ ਨਵਾਂ ‘Sand to Silicon to Systems’ Value Chain Experience ਵੀ ਪੇਸ਼ ਕੀਤਾ ਜਾਵੇਗਾ। ਇਸ ਰਾਹੀਂ ਸੈਮੀਕੰਡਕਟਰ ਦੇ ਕੱਚੇ ਮਾਲ ਅਤੇ ਨਿਰਮਾਣ ਤੋਂ ਲੈ ਕੇ ਐਡਵਾਂਸਡ ਪੈਕੇਜਿੰਗ, ਚਿਪ ਡਿਜ਼ਾਈਨ, ਇਲੈਕਟ੍ਰਾਨਿਕਸ ਅਤੇ ਸਿਸਟਮ ਤੱਕ ਦੀ ਪੂਰੀ ਵੈਲਿਊ ਚੇਨ ਨੂੰ ਇੱਕੋ ਥਾਂ ’ਤੇ ਸਮਝਾਇਆ ਜਾਵੇਗਾ।
ਸਮਾਗਮ ਵਿੱਚ ਸਟਾਰਟਅੱਪ ਪਿਚ ਮੁਕਾਬਲਾ, ਵਿਦਿਆਰਥੀ ਹੈਕਾਥਾਨ ਅਤੇ ਇਨੋਵੇਸ਼ਨ ਸ਼ੋਕੇਸ ਵੀ ਕਰਵਾਏ ਜਾਣਗੇ। ਕਾਨਫਰੰਸ ਦੌਰਾਨ ਸੈਮੀਕੰਡਕਟਰ ਨਿਰਮਾਣ, ਆਰਟੀਫਿਸ਼ਲ ਇੰਟੈਲੀਜੈਂਸ, ਸਪਲਾਈ ਚੇਨ, ਐਡਵਾਂਸਡ ਪੈਕੇਜਿੰਗ, ਚਿਪ ਡਿਜ਼ਾਈਨ, ਖੋਜ ਅਤੇ ਵਿਕਾਸ, ਸਟਾਰਟਅੱਪ ਅਤੇ ਹੁਨਰ ਵਿਕਾਸ ਵਰਗੇ ਵਿਸ਼ਿਆਂ ’ਤੇ ਚਰਚਾ ਹੋਵੇਗੀ।
PM ਮੋਦੀ ਨੇ ਗਲੋਬਲ ਸੈਮੀਕੰਡਕਟਰ CEOs ਨਾਲ ਕੀਤੀ ਮੁਲਾਕਾਤ
SEMICON India 2026 ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰ ਉਦਯੋਗ ਦੀਆਂ ਪ੍ਰਮੁੱਖ ਗਲੋਬਲ ਕੰਪਨੀਆਂ ਦੇ CEOs, ਮੁਖੀਆਂ ਅਤੇ ਨੁਮਾਇੰਦਿਆਂ ਨਾਲ ਰਾਊਂਡਟੇਬਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਅਤੇ ਸੈਮੀਕੰਡਕਟਰ ਉਦਯੋਗ ਵਿਚਾਲੇ ਨਜ਼ਦੀਕੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਭਾਰਤ ਦੇ ਸੈਮੀਕੰਡਕਟਰ ਵਿਕਾਸ ਦੇ ਅਗਲੇ ਪੜਾਅ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਨੀਤੀ ਤੇ ਪ੍ਰਸ਼ਾਸਨਿਕ ਉਪਾਵਾਂ ਸਬੰਧੀ ਸੁਝਾਅ ਸਾਂਝੇ ਕਰਨ ਲਈ ਕਿਹਾ। ਉਨ੍ਹਾਂ ਨੇ ਉਭਰਦੀਆਂ ਤਕਨੀਕਾਂ ਵਿੱਚ ਭਾਰਤ ਨੂੰ ਸ਼ੁਰੂਆਤੀ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਕਰਨ ਦੀ ਇੱਛਾ ਵੀ ਪ੍ਰਗਟਾਈ।
ਮੀਟਿੰਗ ਵਿੱਚ SEMI, Micron, Infineon, Applied Materials, ASML, Merck, Tokyo Electron, AMD, Intel, Tata Electronics, Lam Research, Rapidus, NXP, Foxconn, IBM Research ਸਮੇਤ ਕਈ ਪ੍ਰਮੁੱਖ ਸੰਸਥਾਵਾਂ ਅਤੇ ਕੰਪਨੀਆਂ ਦੇ CEOs, ਮੁਖੀਆਂ ਅਤੇ ਨੁਮਾਇੰਦਿਆਂ ਨੇ ਹਿੱਸਾ ਲਿਆ।