ਲੁਧਿਆਣਾ ’ਚ ਪ੍ਰਾਪਰਟੀ ਡੀਲਰ ’ਤੇ ਫਾਇਰਿੰਗ, ਮਾਂ ਤੇ ਸਾਢੇ 3 ਸਾਲਾ ਪੁੱਤ ਨਾਲ ਘਰ ਪਰਤ ਰਹੇ ਵਿਅਕਤੀ ’ਤੇ ਹਮਲਾ

ਲੁਧਿਆਣਾ ’ਚ ਪ੍ਰਾਪਰਟੀ ਡੀਲਰ ’ਤੇ ਫਾਇਰਿੰਗ, ਮਾਂ ਤੇ ਸਾਢੇ 3 ਸਾਲਾ ਪੁੱਤ ਨਾਲ ਘਰ ਪਰਤ ਰਹੇ ਵਿਅਕਤੀ ’ਤੇ ਹਮਲਾ

ਢੋਲੇਵਾਲ ਨੇੜੇ 8 ਹਮਲਾਵਰਾਂ ਨੇ ਕਾਰ ’ਤੇ ਚਲਾਈਆਂ 5-6 ਗੋਲੀਆਂ; ਪਿਸਤੌਲ ਦੇ ਬੱਟ ਤੇ ਤੇਜ਼ਧਾਰ ਹਥਿਆਰਾਂ ਨਾਲ ਸਿਰ ’ਤੇ ਕੀਤੇ ਵਾਰ

ਲੁਧਿਆਣਾ ਦੇ ਢੋਲੇਵਾਲ ਇਲਾਕੇ ਨੇੜੇ ਬੁੱਧਵਾਰ ਦੇਰ ਸ਼ਾਮ ਇੱਕ ਪ੍ਰਾਪਰਟੀ ਡੀਲਰ ’ਤੇ ਕਾਤਲਾਨਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 8 ਅਣਪਛਾਤੇ ਹਮਲਾਵਰਾਂ ਨੇ ਉਸ ਦੀ ਕਾਰ ’ਤੇ 5 ਤੋਂ 6 ਰਾਊਂਡ ਫਾਇਰਿੰਗ ਕੀਤੀ ਅਤੇ ਗੱਡੀ ਦੇ ਸ਼ੀਸ਼ੇ ਤੋੜ ਕੇ ਉਸ ਦੇ ਸਿਰ ’ਤੇ ਪਿਸਤੌਲ ਦੇ ਬੱਟ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਘਟਨਾ ਸਮੇਂ ਪ੍ਰਾਪਰਟੀ ਡੀਲਰ ਆਪਣੀ ਬਜ਼ੁਰਗ ਮਾਂ ਅਤੇ ਸਾਢੇ ਤਿੰਨ ਸਾਲਾ ਪੁੱਤ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਘਰ ਪਰਤ ਰਿਹਾ ਸੀ।

ਜ਼ਖ਼ਮੀ ਪ੍ਰਾਪਰਟੀ ਡੀਲਰ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ। ਹਮਲੇ ਵਿੱਚ ਉਸ ਦੇ ਸਿਰ ਅਤੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ। ਖ਼ੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ ਉਹ ਹਮਲਾਵਰਾਂ ਦੇ ਚੁੰਗਲ ਵਿੱਚੋਂ ਕਾਰ ਕੱਢ ਕੇ ਆਪਣੀ ਮਾਂ ਅਤੇ ਬੱਚੇ ਸਮੇਤ ਸਿਵਲ ਹਸਪਤਾਲ ਪਹੁੰਚ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਬੱਚੇ ਨੂੰ ਬਚਾਉਣ ਲਈ ਬਣਿਆ ਢਾਲ

ਜਗਜੀਤ ਸਿੰਘ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਉਹ ਪਾਣੀ ਦੀ ਬੋਤਲ ਲੈਣ ਅਤੇ ਭੁਗਤਾਨ ਕਰਨ ਲਈ ਰੁਕੇ ਹੋਏ ਸਨ। ਇਸੇ ਦੌਰਾਨ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਸ ਨੇ ਦੇਖਿਆ ਕਿ ਉਸ ਦਾ ਮਾਸੂਮ ਪੁੱਤ ਦੌੜ ਕੇ ਕਾਰ ਵੱਲ ਆ ਰਿਹਾ ਸੀ। ਬੱਚੇ ਦੇ ਕਾਰ ਵਿੱਚ ਬੈਠਦਿਆਂ ਹੀ ਹਮਲਾਵਰਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਖਿੜਕੀ ਦੇ ਸ਼ੀਸ਼ੇ ਕੋਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਜਗਜੀਤ ਸਿੰਘ ਮੁਤਾਬਕ, ਜਦੋਂ ਉਸ ਨੇ ਆਪਣੇ ਪੁੱਤ ਨੂੰ ਬਚਾਉਣ ਲਈ ਅੱਗੇ ਹੋ ਕੇ ਢਾਲ ਬਣਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੇ ਸਿਰ ’ਤੇ ਪਿਸਤੌਲ ਦੇ ਬੱਟ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਫਾਇਰਿੰਗ ਕਾਰਨ ਕਾਰ ਦੇ ਸ਼ੀਸ਼ੇ ਟੁੱਟ ਗਏ ਅਤੇ ਗੱਡੀ ਦੇ ਅੰਦਰਲੇ ਹਿੱਸੇ ’ਤੇ ਵੀ ਗੋਲੀਆਂ ਦੇ ਨਿਸ਼ਾਨ ਪਏ।

ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਡਰਾਈਵਰ ਸੀਟ ਦੇ ਹੇਠਾਂ ਤੋਂ .45 ਬੋਰ ਦਾ ਇੱਕ ਖ਼ਾਲੀ ਖ਼ੋਲ ਵੀ ਬਰਾਮਦ ਹੋਇਆ ਹੈ। ਹਮਲੇ ਤੋਂ ਬਾਅਦ ਜਗਜੀਤ ਸਿੰਘ ਕਿਸੇ ਤਰ੍ਹਾਂ ਗੱਡੀ ਲੈ ਕੇ ਉੱਥੋਂ ਨਿਕਲਿਆ ਅਤੇ ਪਰਿਵਾਰ ਸਮੇਤ ਹਸਪਤਾਲ ਪਹੁੰਚਿਆ।

ਇੱਕ ਸਾਲ ਪਹਿਲਾਂ ਵੀ ਘਰ ’ਤੇ ਹਮਲਾ ਹੋਣ ਦਾ ਦਾਅਵਾ

ਜਗਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਹਮਲਾਵਰਾਂ ਨੂੰ ਪਛਾਣਦਾ ਹੈ। ਉਸ ਮੁਤਾਬਕ, ਕਰੀਬ ਇੱਕ ਸਾਲ ਪਹਿਲਾਂ ਵੀ ਇਨ੍ਹਾਂ ਹੀ ਵਿਅਕਤੀਆਂ ਨੇ ਉਸ ਦੇ ਘਰ ’ਤੇ ਹਮਲਾ ਕਰਕੇ ਗੋਲੀਆਂ ਚਲਾਈਆਂ ਸਨ। ਉਸ ਨੇ ਖ਼ਦਸ਼ਾ ਜਤਾਇਆ ਕਿ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ ਹੈ।

ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।