ਤਲਵੰਡੀ ਸਾਬੋ, 8 ਅਪਰੈਲ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਝੇਰਿਆਂਵਾਲੀ ਦੇ ਖੇਤ ਮਜਦੂਰ ਨੇ ਕਰਜੇ ਤੋ ਤੰਗ ਆਕੇ ਆਪਣੇ ਘਰ ਵਿੱਚ ਫਾਹਾ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਰੋਡੂ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਸਿੰਘ (34) ਪੁੱਤਰ ਘੱਗਾ ਸਿੰਘ ਮਜ੍ਹਬੀ ਸਿੱਖ ਵਾਸੀ ਝੇਰਿਆਂਵਾਲੀ ਨੇ ਪਿੰਡ ਵਿੱਚ ਲੋਕਾਂ ਦਾ 1 ਲੱਖ 50 ਹਜਾਰ ਰੁਪਏ ਕਰਜਾ ਦੇਣਾ ਸੀ ਜਿਸ ਕਾਰਨ ਮਿਰਤਕ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਕੱਲ ਰਾਤ ਉਸਨੇ ਆਪਣੇ ਘਰ ਦੇ ਬਾਥਰੂਮ ਵਿੱਚ ਖੁਦਖੁਸ਼ੀ ਕਰ ਲਈ ਜਦ ਸਵੇਰੇ ਉਸ ਦੀ ਘਰਵਾਲੀ ਉੱਠੀ ਤਾਂ ਉਸਨੇ ਅਪਣੇ ਆਲੇ ਦੁਆਲੇ ਦੇਖਿਆ ਤਾਂ ਸਾਹਮਣੇ ਬਾਥਰੂਮ 'ਚ ਉਸਦੀ ਲਾਸ਼ ਲਟਕ ਰਹੀ ਸੀ। ਮ੍ਰਿਤਕ ਦੇ ਭਰਾ ਰੋਡੂ ਸਿੰਘ ਦੇ ਬਿਆਨਾਂ 'ਤੇ ਜੌੜਕੀਆਂ ਥਾਣੇ ਵਿੱਚ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪਿੰਡ ਦੀ ਪੰਚਾਇਤ ਅਤੇ ਮੋਹਤਬਰ ਆਗੂਆਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਹੋ ਰਹੀਆ ਖੁਦਕਸ਼ੀਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕੇ ਅਤੇ ਮ੍ਰਿਤਕ ਮਜਦੂਰ ਦੇ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ। ਮਿਰਤਕ ਅਪਣੇ ਦੋ ਬੱਚੇ ਪਤਨੀ ਅਤੇ ਬਜੁਰਗ ਪਿਤਾ ਨੂੰ ਪਿਛੇ ਛੱਡ ਗਿਆ ਹੈ।