ਲਾਕਡਾੳਨ ਦੌਰਾਨ ਵਸਤਾਂ ਦੀ ਵੰਡ ਦਾ ਕੰਮ ਪ੍ਰਸ਼ਾਸਨ ਆਪਣੇ ਹੱਥ ’ਚ ਲਵੇ - ਪਰੋਚਾ
- ਪੰਜਾਬ
- 31 Mar,2020
ਧੂਰੀ, 30 ਮਾਰਚ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜਰ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਕਿੰਤੂ ਕਰਦਿਆਂ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਨੇ ਕਿਹਾ ਕਿ ਲਾਕਡਾੳੂਨ ਕਰਫਿੳੂ ਦੌਰਾਨ ਭੇਜੀਆਂ ਜਾ ਰਹੀਆਂ ਜਰੂਰੀ ਵਸਤਾਂ ਲੋਕਾਂ ਕੋਲ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਹੀਆਂ ਅਤੇ ਗਰੀਬ ਬਸਤੀਆਂ ਸਮੇਤ ਬਹੁਤ ਲੋਕ ਅਜਿਹੇ ਵੰਡ ਸਿਸਟਮ ਕਾਰਨ ਜਰੂਰੀ ਵਸਤਾਂ ਤੋਂ ਵਾਂਝੇ ਰਹਿ ਰਹੇ ਹਨ। ਉਨਾਂ ਅਜਿਹੀਆਂ ਜਰੂਰੀ ਵਸਤਾਂ ਦੀ ਵੰਡ ਦਾ ਕੰਮ ਪ੍ਰਸ਼ਾਸਨ ਨੂੰ ਨਿਰੋਲ ਆਪਣੇ ਹੱਥ ’ਚ ਲੈਣ ਦੀ ਅਪੀਲ ਕੀਤੀ। ਉਨਾਂ ਨੀਲੇ ਕਾਰਡ ਧਾਰਕਾਂ ਨੂੰ ਰੁਕੀ ਕਣਕ ਦੀ ਵੰਡ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਥਿਤ ਸਿਆਸਤ ਦੀ ਭੇਟ ਚੜੀ ਕਣਕ ਦੀ ਵੰਡ ਜੇਕਰ ਸਮੇਂ ਸਿਰ ਹੁੰਦੀ ਤਾਂ ਲੋਕਾਂ ਨੂੰ ਆਟੇ ਦੀ ਔਖ ਨਾ ਆਉਦੀ । ਉਨਾਂ ਦਲਿਤ ਭਾਈਚਾਰੇ ਸਮੇਤ ਹੋਰਨਾਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਵਿੱਖ ਵਿਚ ਸਮਾਗਮਾਂ ’ਤੇ ਖਰਚ ਕਰਨ ਦੀ ਬਜਾਏ ਸਗੋਂ ਖਰਚ ਕੀਤੀ ਜਾਣ ਵਾਲੀ ਰਕਮ ਨਾਲ ਲੋੜਵੰਦਾਂ ਦੀ ਮੱਦਦ ਕੀਤੀ ਜਾਵੇ ਅਤੇ ਉਨਾਂ ਦੱਸਿਆ ਕਿ ਮੰਚ ਵੱਲੋਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਮਨਾਉਣ ’ਤੇ ਖਰਚ ਕਰਨ ਦੀ ਬਜਾਏ ਲੋੜਵੰਦਾਂ ਦੀ ਮੱਦਦ ਕੀਤੀ ਜਾਵੇਗੀ, ਜਿਸ ਸੰਬੰਧੀ ਸਾਰੀਆਂ ਇਕਾਈਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ।