-
ਪੰਥਕ ਮਸਲੇ ਅਤੇ ਖ਼ਬਰਾਂ
-
Fri Sep,2018
ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਦੇ ਮੰਜੂਰ ਨੇੜਲੇ ਪਿੰਡ ਜੱਜਲ ਤੋਂ ਮੁੱਦਕੀ ਤੱਕ ਬਨਣ ਵਾਲੇ ਸਟੇਟ ਹਾਈਵੇ ਦੇ ਨਿਰਮਾਣ ਦੇ ਅਖੀਰਲੇ ਪਲਾਂ ਦੇ ਚੱਲ ਰਹੇ ਕੰਮ ਦੌਰਾਨ ਸਥਾਨਕ ਰਾਮਾਂ ਰੋਡ ਤੇ ਸੜਕ ਦੇ ਚੱਲ ਰਹੇ ਕੰਮ ਦੇ ਚਲਦਿਆਂ ਸੜਕ ਤੇ ਡੀਵਾਈਡਰ ਦਾ ਨਿਰਮਾਣ ਕਰ ਦਿੱਤੇ ਜਾਣ ਅਤੇ ਡੀਵਾਈਡਰ ਵਿੱਚੋਂ ਕਾਲਜ ਨੂੰ ਕੋਈ ਲਾਂਘਾ ਨਾ ਦਿੱਤੇ ਜਾਣ ਕਾਰਣ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਵਿਦਿਆਰਥੀਆਂ ਤੇ ਖਾਸ ਕਰਕੇ ਲੜਕੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਭਾਵੇਂ ਅਜੇ ਸੜਕ ਬਣਾ ਕੇ ਕੇਵਲ ਡੀਵਾਈਡਰ ਹੀ ਬਣਾਇਆ ਗਿਆ ਹੈ ਪਰ ਜਦੋਂ ਸੜਕ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਉਕਤ ਡੀਵਾਈਡਰ ਤੇ ਜਾਲੀ ਵੀ ਲੱਗਣ ਦੀ ਸੰਭਾਵਨਾ ਹੈ।ਇਲਾਕੇ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਗੁਰੁ ਕਾਸ਼ੀ ਕਾਲਜ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਹੈ ਦੇ ਵਿਦਿਆਰਥੀਆਂ ਨੇ ਅੱਜ ਉਕਤ ਪੱਤਰਕਾਰ ਨੂੰ ਦੱਸਿਆ ਕਿ ਬੱਸ ਸਟੇਂੈਂਡ ਤੋਂ ਕਾਲਜ ਨੂੰ ਆਉਣ ਵਾਲੀ ਸੜਕ ਕਾਲਜ ਦੇ ਗੇਟ ਤੱਕ ਆਂਉਦੀ ਹੈ ਪ੍ਰੰਤੂ ਹੁਣ ਅੱਗਿਉਂ ਨਿਰਮਾਣ ਅਧੀਨ ਰਾਮਾਂ ਤਲਵੰਡੀ ਰੋਡ ਤੇ ਡੀਵਾਈਡਰ ਬਣਾ ਦਿੱਤਾ ਗਿਆ ਹੈ ਤੇ ਕਾਲਜ ਨੂੰ ਲਾਂਘਾ ਦੇਣ ਲਈ ਡੀਵਾਈਡਰ ਵਿੱਚ ਕੱਟ ਵੀ ਨਹੀ ਦਿੱਤਾ ਗਿਆ। ਵਿਦਿਆਰਥੀਆਂ ਮੁਤਾਬਿਕ ਹੁਣ ਤਾਂ ਡੀਵਾਈਡਰ ਨੂੰ ਪੈਦਲ ਪਾਰ ਕਰਕੇ ਕਾਲਜ ਆ ਸਕਦੇ ਹਾਂ ਪਰ ਜੇ ਡੀਵਾਈਡਰ ਤੇ ਜਾਲੀ ਲੱਗ ਜਾਂਦੀ ਹੈ ਤਾਂ ਜਿੱਥੋਂ ਡੀਵਾਈਡਰ ਵਿੱਚ ਲਾਂਘਾ ਛੱਡਿਆ ਗਿਆ ਹੈ ਉੱਥੋਂ ਮੁੜ ਕੇ ਆਉਣਾ ਪਿਆ ਕਰੇਗਾ ਜੋ ਬਹੁਤ ਦੂਰ ਪੈਂਦਾ ਹੈ। ਵਿਦਿਆਰਥੀ ਆਗੂਆਂ ਮੁਤਾਬਿਕ ਇਸਦਾ ਸਭ ਤੋਂ ਵੱਧ ਪ੍ਰਭਾਵ ਲੜਕੀਆਂ ਤੇ ਪਵੇਗਾ ਜਿਨ੍ਹਾਂ ਨੂੰ ਪੈਦਲ ਜਿਆਦਾ ਦੂਰੀ ਤੈਅ ਕਰਨੀ ਪਿਆ ਕਰੇਗੀ। ਉੱਧਰ ਪਤਾ ਲੱਗਿਆ ਹੈ ਕਿ ਕਾਲਜ ਦੇ ਪ੍ਰਿੰਸੀਪਲ ਡਾ. ਐੱਮਪੀ ਸਿੰਘ ਨੇ ਸੜਕ ਦੇ ਡੀਵਾਈਡਰ ਦੇ ਨਿਰਮਾਣ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਕਾਲਜ ਲਈ ਲਾਂਘਾ ਛੱਡਣ ਦੀ ਅਪੀਲ ਕੀਤੀ ਗਈ ਸੀ ਪਰ ਫਿਰ ਵੀ ਡੀਵਾਈਡਰ ਦਾ ਨਿਰਮਾਣ ਕਰਕੇ ਲਾਂਘਾ ਨਹੀ ਛੱਡਿਆ ਗਿਆ। ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੈਂਕੜੇ ਵਿਦਿਆਰਥੀਆਂ ਦੀ ਸਮੱਸਿਆ ਨੂੰ ਦੇਖਦਿਆਂ ਕਾਲਜ ਲਈ ਲਾਂਘਾ ਛੱਡਣ ਵਾਸਤੇ ਡੀਵਾਈਡਰ ਵਿੱਚ ਕੱਟ ਪਾਇਆ ਜਾਵੇ। ਇਸ ਸਬੰਧੀ ਸੜਕ ਨਿਰਮਾਣ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ 'ਤੇ ਸੰਪਰਕ ਨਹੀਂ ਹੋ ਸਕਿਆ।