ਕਨਾਡਾ ’ਤੇ ਅਮਰੀਕੀ ਟੈਰਿਫ਼: ਪੰਜਾਬ ਦੇ ਵਪਾਰ ਨੂੰ ਲੱਗਿਆ ਝਟਕਾ
- ਪੰਜਾਬ
- 04 Feb,2025
ਅਮਰੀਕਾ ਦੇ ਰਾਸ਼ਟਰਪਤੀ ਚੋਣ ਦੌਰਾਨ ਡੋਨਾਲਡ ਟਰੰਪ ਵਲੋਂ ਕਨਾਡਾ ਸਮੇਤ ਕਈ ਦੇਸ਼ਾਂ ’ਤੇ ਟੈਰਿਫ਼ ਲਗਾਉਣ ਦੀ ਗੱਲ ਕੀਤੀ ਗਈ ਸੀ। ਹੁਣ, ਰਾਸ਼ਟਰਪਤੀ ਬਣਦੇ ਹੀ, ਉਨ੍ਹਾਂ ਨੇ ਕਨਾਡਾ ’ਤੇ 25% ਟੈਰਿਫ਼ ਲਾ ਦਿੱਤਾ ਹੈ, ਜਿਸ ਦੇ ਗੰਭੀਰ ਨਤੀਜੇ ਦੇਖਣ ਨੂੰ ਮਿਲ ਰਹੇ ਹਨ।
ਕਨਾਡਾ ਦੀ ਅਰਥਵਿਵਸਥਾ ਅਮਰੀਕਾ ’ਤੇ ਵਿਸ਼ੇਸ਼ ਤੌਰ ’ਤੇ ਨਿਰਭਰ ਕਰਦੀ ਹੈ। ਨਵੇਂ ਟੈਰਿਫ਼ ਕਾਰਨ ਉਥੇ ਉਤਪਾਦਨ ਦੀ ਲਾਗਤ ਵਧੇਗੀ, ਜਿਸ ਨਾਲ ਮਹਿਲੰਗਾਈ ਵਿੱਚ ਇਜਾਫ਼ਾ ਹੋ ਸਕਦਾ ਹੈ। ਇਸ ਦਾ ਅਸਰ ਉੱਥੇ ਰਹਿੰਦੇ ਪੰਜਾਬੀਆਂ ਦੀ ਆਮਦਨ ’ਤੇ ਵੀ ਪੈਣ ਦੀ ਉਮੀਦ ਹੈ। ਵਧ ਰਹੀ ਮਹਿੰਗਾਈ ਅਤੇ ਘੱਟ ਰਹੀ ਡਿਸਪੋਜ਼ੇਬਲ ਆਮਦਨ ਕਾਰਨ, ਕਨਾਡਾ ਵਿੱਚ ਰਹਿੰਦੇ ਪੰਜਾਬੀ ਆਪਣੀ ਯਾਤਰਾ ਅਤੇ ਖਰਚ ਕੱਟ ਸਕਦੇ ਹਨ। ਇਸ ਨਾਲ ਪੰਜਾਬ ’ਚ ਕਈ ਵਪਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਪੰਜਾਬ ਵਿੱਚ, ਖਾਸ ਕਰਕੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਰਿਟੇਲ, ਹੋਟਲ ਅਤੇ ਪਰਟਨ ਉਤਪਾਦਨ ਖੇਤਰ ਐਨਆਰਆਈ ਉੱਤੇ ਨਿਰਭਰ ਕਰਦੇ ਹਨ। ਹੁਣ ਕਨਾਡਾ ’ਚ ਆਰਥਿਕ ਮੰਦੀ ਹੋਣ ਕਰਕੇ ਪੰਜਾਬ ਆਉਣ ਵਾਲੇ ਐਨਆਰਆਈ ਆਪਣੀ ਖਰੀਦਦਾਰੀ ਵਿੱਚ ਕਮੀ ਕਰ ਰਹੇ ਹਨ। ਬਜ਼ਾਰ ਦੇ ਮਾਹਰਾਂ ਨੇ ਕਿਹਾ ਕਿ ਪਿਛਲੇ ਕੁਝ ਸਮਿਆਂ ’ਚ 40-50% ਤਕ ਖਰੀਦਦਾਰੀ ਘੱਟ ਹੋਈ ਹੈ, ਜਿਸ ਕਾਰਨ ਪੰਜਾਬ ਦੀ ਅਰਥਵਿਵਸਥਾ ’ਤੇ 15-20% ਤਕ ਪ੍ਰਭਾਵ ਪੈ ਸਕਦਾ ਹੈ।
ਅਮਰੀਕਾ ਨੂੰ ਹੋਣ ਵਾਲੇ ਕਨਾਡਾ ਦੇ ਨਿਰਯਾਤ ਵਿੱਚ 21% ਹਿੱਸਾ ਕੱਚੇ ਪੈਟਰੋਲੀਅਮ ਦਾ ਹੈ, ਜੋ ਹੁਣ ਨਵੇਂ ਟੈਰਿਫ਼ ਕਾਰਨ ਪ੍ਰਭਾਵਿਤ ਹੋਵੇਗਾ। ਇਨ੍ਹਾਂ ਨਵੇਂ ਵਪਾਰਕ ਰੁਕਾਵਟਾਂ ਕਰਕੇ ਆਟੋਮੋਬਾਈਲ ਅਤੇ ਐਲੂਮਿਨਿਅਮ ਉਦਯੋਗਾਂ ’ਚ ਵੀ ਨੌਕਰੀਆਂ ਖਤਰੇ ’ਚ ਪੈ ਸਕਦੀਆਂ ਹਨ। ਅੰਕੜਿਆਂ ਮੁਤਾਬਕ, 2023 ’ਚ ਭਾਰਤ ਨੂੰ ਵਿਦੇਸ਼ੀ ਐਨਆਰਆਈ ਭੇਜੀ ਗਈ ਰਕਮ 125 ਬਿਲੀਅਨ ਡਾਲਰ ਰਹੀ, ਜਿਸ ’ਚ ਪੰਜਾਬੀ ਐਨਆਰਆਈ ਵਲੋਂ ਭੇਜੇ ਗਏ ਹਜ਼ਾਰਾਂ ਕਰੋੜ ਵੀ ਸ਼ਾਮਲ ਹਨ।
ਮਾਹਿਰਾਂ ਮੁਤਾਬਕ, ਪੰਜਾਬ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਪਰਟਨ ਨੂੰ ਹੋਰ ਵਧਾਵਾ ਦੇਣ, ਐਨਆਰਆਈ ਲਈ ਆਨਲਾਈਨ ਵਿਕਰੀ ਨੂੰ ਉਤਸ਼ਾਹਤ ਕਰਨ ਅਤੇ ਨਵੇਂ ਵਪਾਰਕ ਮੌਕੇ ਖੋਜਣ ਦੀ ਲੋੜ ਹੈ। ਹੁਣ ਹਾਲਾਤ ਵਧੇਰੇ ਚੁਣੌਤੀਪੂਰਨ ਬਣ ਰਹੇ ਹਨ, ਅਤੇ ਪੰਜਾਬੀ ਵਪਾਰੀ “ਵੇਟ ਐਂਡ ਵਾਚ” ਦੀ ਨੀਤੀ ’ਤੇ ਚੱਲ ਰਹੇ ਹਨ।
Posted By: Gurjeet Singh
Leave a Reply