ਮਾਨਸਾ ’ਚ ਐਂਬੂਲੈਂਸ ਨਾ ਪਹੁੰਚਣ ਦਾ ਦੋਸ਼, ਮ੍ਰਿਤਕ ਦੀ ਦੇਹ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਬਜਾਏ ਰੇਹੜੀ ਦਾ ਲਿਆ ਸਹਾਰਾ

ਮਾਨਸਾ ’ਚ ਐਂਬੂਲੈਂਸ ਨਾ ਪਹੁੰਚਣ ਦਾ ਦੋਸ਼, ਮ੍ਰਿਤਕ ਦੀ ਦੇਹ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਬਜਾਏ ਰੇਹੜੀ ਦਾ ਲਿਆ ਸਹਾਰਾ

Mansa News: ਮਾਨਸਾ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ। ਨਿਊ ਕੋਰਟ ਰੋਡ ’ਤੇ ਰਾਤ ਸਮੇਂ ਇੱਕ ਵਿਅਕਤੀ ਗੰਦੇ ਨਾਲੇ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦੀ ਬਜਾਏ ਰੇਹੜੀ ਦਾ ਸਹਾਰਾ ਲੈਣਾ ਪਿਆ।

ਮਿਲੀ ਜਾਣਕਾਰੀ ਅਨੁਸਾਰ, ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਨੇ ਹਸਪਤਾਲ ਵਿੱਚ ਫੋਨ ਕਰਕੇ ਐਂਬੂਲੈਂਸ ਦੀ ਮੰਗ ਕੀਤੀ। ਹਾਲਾਂਕਿ, ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਕਥਿਤ ਤੌਰ ’ਤੇ ਕੋਈ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ। ਆਖ਼ਰਕਾਰ ਸਥਾਨਕ ਲੋਕਾਂ ਦੀ ਮਦਦ ਨਾਲ ਮ੍ਰਿਤਕ ਦੀ ਦੇਹ ਨੂੰ ਰੇਹੜੀ ਰਾਹੀਂ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ ਗਿਆ।

ਇਸ ਘਟਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਸਮਾਜਸੇਵੀ ਕ੍ਰਿਸ਼ਨ ਚੌਹਾਨ ਨੇ ਪੰਜਾਬ ਸਰਕਾਰ ਦੀ 'ਸਿਹਤ ਕ੍ਰਾਂਤੀ' ਦੇ ਦਾਅਵਿਆਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਦੇਹ ਨੂੰ ਹਸਪਤਾਲ ਪਹੁੰਚਾਉਣ ਲਈ ਵੀ ਰੇਹੜੀ ਦੀ ਵਰਤੋਂ ਕਰਨੀ ਪਵੇ ਤਾਂ ਸਿਹਤ ਸੇਵਾਵਾਂ ਦੀ ਜ਼ਮੀਨੀ ਹਕੀਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਸਮਾਜਸੇਵੀ ਨੇ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

ਕ੍ਰਿਸ਼ਨ ਚੌਹਾਨ ਨੇ ਦੱਸਿਆ ਕਿ ਵਿਅਕਤੀ ਨਾਲੇ ਵਿੱਚ ਡਿੱਗਿਆ ਸੀ ਅਤੇ ਠੰਢ ਦੇ ਮੌਸਮ ਕਾਰਨ ਉਸ ਦੀ ਮੌਤ ਹੋਈ ਲੱਗ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਬਾਰੇ ਪੂਰੀ ਜਾਣਕਾਰੀ ਮੈਡੀਕਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਸੂਬੇ ਦੀ ਮਾਨ ਸਰਕਾਰ ਵੱਲੋਂ ਸਿਹਤ ਕ੍ਰਾਂਤੀ ਨੂੰ ਲੈ ਕੇ ਥਾਂ-ਥਾਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਜ਼ਮੀਨੀ ਹਾਲਾਤ ਕੁਝ ਹੋਰ ਹੀ ਦਿਖਾਈ ਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕਾਫ਼ੀ ਸਮਾਂ ਪਹਿਲਾਂ ਫੋਨ ਕਰਨ ਦੇ ਬਾਵਜੂਦ ਮੌਕੇ ’ਤੇ ਕੋਈ ਐਂਬੂਲੈਂਸ ਜਾਂ ਹੋਰ ਗੱਡੀ ਕਿਉਂ ਨਹੀਂ ਪਹੁੰਚੀ।

ਸਮਾਜਸੇਵੀ ਨੇ ਕਿਹਾ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਆਖ਼ਰਕਾਰ ਮ੍ਰਿਤਕ ਦੀ ਦੇਹ ਨੂੰ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਨਾ ਪਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਸਿਹਤ ਸੇਵਾਵਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਜ਼ਮੀਨੀ ਹਕੀਕਤ ਵੱਖਰੀ ਨਜ਼ਰ ਆ ਰਹੀ ਹੈ।

ਕ੍ਰਿਸ਼ਨ ਚੌਹਾਨ ਨੇ ਮਾਨਸਾ ਸ਼ਹਿਰ ਵਿੱਚ ਸਟਰੀਟ ਲਾਈਟਾਂ ਦੇ ਸੁਚਾਰੂ ਪ੍ਰਬੰਧ ਨਾ ਹੋਣ ’ਤੇ ਵੀ ਨਿਰਾਸ਼ਾ ਪ੍ਰਗਟਾਈ।

ਇਸ ਪੂਰੇ ਮਾਮਲੇ ਵਿੱਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦਾ ਪੱਖ ਸਾਹਮਣੇ ਆਉਣਾ ਅਜੇ ਬਾਕੀ ਹੈ।