ਜ਼ਿਲਾ ਪੱਧਰੀ ਪੰਜਾਬੀ ਕੁਇਜ ਮੁਕਾਬਲੇ 10 ਅਕਤੂਬਰ ਨੂੰ

ਪਟਿਆਲਾ, 19 ਸਤੰਬਰ(ਪੀ.ਐਸ.ਗਰੇਵਾਲ) ਜ਼ਿਲਾ ਭਾਸ਼ਾ ਅਫ਼ਸਰ, ਪਟਿਆਲਾ ਸ਼੍ਰੀਮਤੀ ਰਾਜਿੰਦਰ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਜ਼ਿਲਾ ਪੱਧਰ ’ਤੇ ਪੰਜਾਬੀ ਕੁਇਜ ਮੁਕਾਬਲੇ 10 ਅਕਤੂਬਰ ਨੂੰ ਭਾਸ਼ਾ ਭਵਨ ਦੇ ਲੈਕਚਰ ਹਾਲ ਵਿੱਚ ਸਵੇਰੇ 10:30 ਵਜੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਤਿੰਨ ਵਰਗਾਂ ਵਿੱਚ ਕਰਵਾਏ ਜਾਣਗੇ। ਜ਼ਿਲਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਵਰਗ ‘ੳ’ ਵਿੱਚ ਅੱਠਵੀਂ ਸ਼ੇ੍ਰਣੀ ਤੱਕ, ਵਰਗ ‘ਅ’ ਵਿੱਚ ਨੌਵੀਂ ਤੋਂ 10+2 ਤੱਕ ਅਤੇ ਵਰਗ ‘ੲ’ ਵਿੱਚ ਬੀ.ਏ., ਬੀ ਕਾਮ, ਬੀ.ਐਸ.ਸੀਂ ਤੱਕ ਦੇ ਵਿਦਿਆਰਥੀ ਭਾਗ ਲੈ ਸਕਣਗੇ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਲਈ ਐਂਟਰੀਆਂ 24 ਸਤੰਬਰ 2019 ਤੱਕ ਦਫ਼ਤਰ ਜ਼ਿਲਾ ਭਾਸ਼ਾ ਅਫ਼ਸਰ ਪਟਿਆਲਾ ਵਿਖੇ ਕੀਤੀਆਂ ਜਾਣਗੀਆਂ। ਐਂਟਰੀ ਫਾਰਮ ਸਕੂਲ ਜਾਂ ਕਾਲਜ ਦੇ ਮੁੱਖੀ ਤੋਂ ਤਸਦੀਕ ਹੋਣੇ ਜ਼ਰੂਰੀ ਹਨ।