ਟਿਊਸਨ ਪੜਨ ਜਾਂਦੇ ਦਲਿਤ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਧੂਰੀ,3 ਫਰਵਰੀ (ਮਹੇਸ਼ ਜਿੰਦਲ) - ਲੰਘੀ ਸ਼ਾਮ ਧੂਰੀ-ਸ਼ੇਰਪੁਰ ਰੋਡ ’ਤੇ ਪਿੰਡ ਕਹੇਰੂ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਮੋਟਰ ਸਾਈਕਲ ’ਤੇ ਟਿਊਸਨ ਪੜਨ ਜਾ ਰਹੇ ਦਲਿਤ ਨੌਜਵਾਨ ਦੀ ਮੌਤ ਹੋ ਗਈ। ਤਿੰਨ ਦਿਨਾਂ ਦਰਮਿਆਨ ਵਾਪਰੇ ਵੱਖੋ-ਵੱਖ ਦੋ ਸੜਕ ਹਾਦਸਿਆਂ ’ਚ ਪਿੰਡ ਦੇ 2 ਨੌਜਵਾਨਾਂ ਦੀ ਹੋਈ ਮੌਤ ਨੂੰ ਲੈ ਕੇ ਪਿੰਡ ’ਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਧੂਰੀ-ਸ਼ੇਰਪੁਰ ਰੋਡ ’ਤੇ ਧੂਰੀ ਤੇ ਪਿੰਡ ਕਹੇਰੂ ਦਰਮਿਆਨ ਸਥਿਤ ਇੱਕ ਟਰੈਕਟਰ ਏਜੰਸੀ ਨੇੜੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਕਹੇਰੂ ਤੋਂ ਬਾਰਵੀਂ ਜਮਾਤ ਦਾ ਨੌਜਵਾਨ ਹਰਜੀਤ ਸਿੰਘ (18) ਪੁੱਤਰ ਅਮਰੀਕ ਸਿੰਘ* ਆਪਣੇ ਮੋਟਰ ਸਾਈਕਲ ’ਤੇ ਟਿਊਸਨ ਪੜਨ ਲਈ ਧੂਰੀ ਆਉਦਿਆਂ ਸੜਕ ’ਤੇ ਮਿੱਟੀ ਦਾ ਭਰਤ ਪਾਉਣ ਵਾਲੀ ਟਰਾਲੀ ਨਾਲ ਜਾ ਟਕਰਾਇਆ ਅਤੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੇ ਤਫ਼ਤੀਸ਼ੀ ਅਧਿਕਾਰੀ ਮਲਕੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਿ੍ਰਤਕ ਦੇ ਵਾਰਸਾਂ ਦੇ ਬਿਆਨ ਦੇ ਆਧਾਰ ’ਤੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ’ਚ ਲਿਆ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।